ਕਿਸਾਨਾਂ ਵੱਲੋਂ ਦਿੱਲੀ ਵਿੱਚ ਵਿਸ਼ਾਲ ਟਰੈਕਟਰ ਮਾਰਚ

0
99

ਨਵੀਂ ਦਿੱਲੀ- ਆਵਾਜ਼ ਬਿਊਰੋ
ਕਿਸਾਨ ਸੰਘਰਸ਼ ਦੇ 43ਵੇਂ ਦਿਨ ਅੱਜ ਦੇਸ਼ ਭਰ ਤੋਂ ਆਏ ਕਿਸਾਨਾਂ ਨੇ ਦਿੱਲੀ ਨੂੰ ਚਾਰੋਂ ਪਾਸਿਓਂ ਟਰੈਕਟਰ ਮਾਰਚ ਰਾਹੀਂ ਘੇਰ ਲਿਆ। ਕੇਂਦਰ ਸਰਕਾਰ ਨਾਲ 9ਵੇਂ ਗੇੜ ਦੀ 8 ਜਨਵਰੀ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਟਿਕਰੀ ਬਾਰਡਰ, ਟਿਕਰੀ ਤੋਂ ਕੁੰਡਲੀ ਬਾਰਡਰ, ਗਾਜੀਪੁਰ ਤੋਂ ਪਲਵਲ ਅਤੇ ਰੇਵਾਸਨ ਤੋਂ ਪਲਵਲ ਤੱਕ ਵਿਸ਼ਾਲ ਟਰੈਕਟਰ ਮਾਰਚ ਕੱਢਿਆ। ਕਿਸਾਨ ਆਗੂਆਂ ਨੇ ਇਸ ਟਰੈਕਟਰ ਮਾਰਚ ਵਿੱਚ 60 ਹਜਾਰ ਟਰੈਕਟਰ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਅੱਜ ਦਾ ਇਹ ਟਰੈਕਟਰ ਮਾਰਚ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਤੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਦਾ ਇੱਕ ਟਰੇਲਰ ਸੀ। ਕਿਸਾਨਾਂ ਦਾ ਇਹ ਟਰੈਕਟਰ ਮਾਰਚ ਅੱਜ ਪੂਰਨ ਸ਼ਾਂਤਮਈ ਰਿਹਾ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਦਿੱਲੀ ਅਤੇ ਕੇਂਦਰ ਸਰਕਾਰ ਨੇ ਟਰੈਕਟਰ ਮਾਰਚ ਨੂੰ ਦੇਖਦਿਆਂ ਸਬੰਧਤ ਸੜਕਾਂ ਤੋਂ ਪਹਿਲਾਂ ਹੀ ਆਮ ਆਵਾਜਾਈ ਬੰਦ ਕਰ ਦਿੱਤੀ ਸੀ। ਕਿਸਾਨਾਂ ਦਾ ਇਹ ਟਰੈਕਟਰ ਮਾਰਚ ਪੂਰੀ ਤਰ੍ਹਾਂ ਅਨੁਸ਼ਾਸਿਤ ਰਿਹਾ। ਇਸੇ ਦੌਰਾਨ ਇੰਟਰਨੈਸ਼ਨਲ ਪੰਥਕ ਦਲ ਦੇ ਕਿਸਾਨ ਬਚਾਊ ਮੋਰਚੇ ਦੇ ਭਾਈ ਿਪਾ ਸਿੰਘ ਨੱਥੂਵਾਲਾ ਜੋ ਕੇਂਦਰ ਸਰਕਾਰ ਨਾਲ ਗੱਲਬਾਤ ਕਰ ਰਹੀਆਂ 40 ਕਿਸਾਨ ਜੱਥੇਬੰਦੀਆਂ ਦੀ ਕਮੇਟੀ ਵਿੱਚ ਸ਼ਾਮਲ ਹਨ, ਨੇ ਕਿਹਾ ਹੈ ਕਿ ਕਿਸਾਨ ਵਿਰੋਧੀ ਤਾਕਤਾਂ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨ ਲਈ ਨਿੱਤ ਨਵੀਆਂ ਸਾਜਿਸ਼ਾਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਮੋਰਚਿਆਂ ਵਿੱਚ ਸਾਜਿਸ਼ੀ ਤਰੀਕੇ ਨਾਲ ਕਈ ਅਜਿਹੇ ਲੜਕੇ ਅਤੇ ਲੜਕੀਆਂ ਨੂੰ ਭੇਜਿਆ ਜਾ ਰਿਹਾ ਹੈ, ਜੋ ਨੌਜਵਾਨ ਕਿਸਾਨਾਂ ਨੂੰ ਗੁੰਮਰਾਹ ਹੋਣ ਲਈ ਉਕਸਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਣਗਿਣਤ ਵਿਅਕਤੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਫ਼ੜੇ ਗਏ ਹਨ ਅਤੇ ਉਨ੍ਹਾਂ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ।