ਨਸ਼ਿਆਂ ਦੇ ਟੈਸਟ ਲਈ ਤਿਆਰ ਹਾਂ, ਦੋਸ਼ੀ ਹੋਈ ਤਾਂ ਮੁੰਬਈ ਛੱਡ ਦਿਆਂਗੀ : ਕੰਗਨਾ ਰਨੌਤ

0
78

ਮੁੰਬਈ – ਆਵਾਜ਼ ਬਿਊਰੋ
ਸੁਸ਼ਾਂਤ ਰਾਜਪੂਤ ਮੌਤ ਮਾਮਲੇ ਵਿੱਚ ਮੁੰਬਈ ਦੇ ਫਿਲਮੀ ਕਲਾਕਾਰਾਂ ਦੇ ਨਸ਼ਿਆਂ ਦੇ ਗ੍ਰੋਹ ਦਾ ਭਾਂਡਾ ਭੰਨਣ ਵਾਲੀ ਕੰਗਨਾ ਰਨੌਤ ਉੱਪਰ ਮਹਾਂਰਾਸ਼ਟਰ ਦੀ ਸ਼ਿਵ ਸੈਨਾ-ਕਾਂਗਰਸ ਗੱਠਜੋੜ ਸਰਕਾਰ ਨੇ ਨਸ਼ੇੜੀ ਹੋਣ
ਦੇ ਦੋਸ਼ ਲਗਾਏ ਹਨ। ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਕੰਗਨਾ ਰਨੌਤ ਦੀ ਜਾਂਚ ਕੀਤੀ ਜਾਵੇਗੀ। ਮਹਾਂਰਾਸ਼ਟਰ ਸਰਕਾਰ ਨੇ ਫਿਲਮੀ ਕਲਾਕਾਰ ਸ਼ੇਖਰ ਸੁਮਨ ਦੇ ਪੁੱਤਰ ਅਧਿਐਨ  ਸੁਮਨ ਦੇ ਬਿਆਨ ਨੂੰ ਆਧਾਰ ਬਣਾਇਆ ਹੈ ਜਿਸ ਵਿੱਚ ਅਧਿਐਨ ਸੁਮਨ ਨੇ ਕੰਗਨਾ ਰਨੌਤ ਉੱਪਰ ਦੋਸ਼ ਲਗਾਏ ਸਨ ਕਿ ਉਸ ਨੇ ਮੈਨੂੰ ਨਸ਼ੇ ਕਰਨ ਲਈ ਮਜਬੂਰ ਕੀਤਾ ਸੀ। ਅਧਿਐਨ ਨੇ ਇਹ ਵੀ ਕਿਹਾ ਸੀ ਕਿ ਜਦੋਂ ਮੈਂ ਨਸ਼ੇ ਨਹੀਂ ਕਰਦਾ ਸਾਂ ਤਾਂ ਕੰਗਨਾ ਰਨੌਤ ਨੇ ਇੱਕ ਪਾਰਟੀ ਵਿੱਚ ਮੈਨੂੰ ਜੋਰਦਾਰ ਥੱਪੜ ਮਾਰਿਆ ਸੀ ਅਤੇ ਬਾਅਦ ਵਿੱਚ ਉਸ ਨੇ ਮੇਨੂੰ ਕਾਰ ਵਿੱਚ ਵੀ ਕੁੱਟਿਆ ਸੀ। ਇੱਥੋਂ ਤੱਕ ਕਿ ਮੇਰਾ ਫੋਨ ਵੀ ਕੰਧ ਵਿੱਚ ਮਾਰ ਕੇ ਤੋੜ ਦਿੱਤਾ ਸੀ। ਸ਼ਿਵ ਸੈਨਾ ਨੇ ਇਸ ਬਿਆਨ ਨੂੰ ਲੈ ਕੇ ਕੰਗਨਾ ਰਨੌਤ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਹੈ ਅਤੇ ਕਿਹਾ ਹੈ ਕਿ ਕੰਗਨਾ ਰਨੌਤ ਵੱਲੋਂ ਮੁੰਬਈ ਪੁਲਿਸ ਖਿਲਾਫ ਅਪਮਾਨਜਨਕ ਬਿਆਨ ਦੇਣ, ਕਿਸੇ ਨੂੰ ਨਸ਼ਿਆਂ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਉਸ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ। ਇਸ ਮਾਮਲੇ ਵਿੱਚ ਕੰਗਨਾ ਰਨੌਤ ਨੇ ਕਿਹਾ ਹੈ ਕਿ ਮੈਂ ਮੁੰਬਈ ਪੁਲਿਸ ਅਤੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਵੱਲੋਂ ਨਸ਼ਿਆਂ ਦੇ ਦੋਸ਼ਾਂ ਦੇ ਦਿੱਤੇ ਇਸ ਤੋਹਫੇ ਲਈ ਬਹੁਤ ਖੁਸ਼ ਹਾਂ। ਉਸ ਨੇ ਕਿਹਾ ਕਿ ਮੇਰੀਆਂ ਸਾਰੀਆਂ ਕਾਲਾਂ ਰਿਕਾਰਡ ਕਰ ਲਵੋ, ਮੈਂ ਮੁੰਬਈ ਆ ਰਹੀ ਹਾਂ। ਮੇਰਾ ਟੈਸਟ ਵੀ ਕਰ ਲਿਆ ਜਾਵੇ, ਜੇਕਰ ਮੇਰੇ ਸਬੰਧ ਕਿਸੇ ਨਸ਼ਾ ਗ੍ਰੋਹ ਦੇ ਨਾਲ ਸਾਬਤ ਹੋ ਗਏ ਤਾਂ ਮੈਂ ਆਪਣੀ ਗਲਤੀ ਸਵੀਕਾਰ ਕਰਾਂਗੀ, ਹਰ ਸਜਾ ਭੁਗਤਾਂਗੀ ਅਤੇ ਇਸ ਤੋਂ ਬਾਅਦ ਹਮੇਸ਼ਾਂ ਲਈ ਮੁੰਬਈ ਨੂੰ ਛੱਡ ਦਿਆਂਗੀ। ਕੰਗਨਾ ਰਨੌਤ ਨੇ ਕਿਹਾ ਹੈ ਕਿ ਮੈਂ ਮਹਾਂਰਾਸ਼ਟਰ ਪੁਲਿਸ ਮੁੱਖੀ ਅਤੇ ਮਹਾਂਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਮਿਲਣ ਲਈ ਬੇਤਾਬ ਹਾਂ।