ਸਰਕਾਰੀ ਸਕੂਲ ਦਾ ਅਧਿਆਪਕ ਨਿਕਲਿਆ ਕੋਰੋਨਾ ਪਾਜ਼ੇਟਿਵ, ਅਗਲੇ ਹੁਕਮਾਂ ਤੱਕ ਸਕੂਲ ਬੰਦ

0
2095

ਸਮਰਾਲਾ ਕਮਲਜੀਤ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲ ਖੋਲਨ ਦੇ ਲਏ ਗਏ ਫੈਸਲੇ ਨਾਲ ਭਾਵੇ ਸਕੂਲਾਂ ‘ਚ ਰੌਣਕ ਤਾ ਵਾਪਸ ਪਰਤ ਆਈ ਹੈ, ਪਰ ਜਿਸ ਤਰਾਂ ਨਾਲ ਕਈ ਸਕੂਲਾਂ ‘ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ, ਉਸ ਨਾਲ ਵਿੱਦਿਆਰਥੀਆਂ ਅਤੇ ਸਟਾਫ਼ ‘ਤੇ ਮਹਾਮਾਰੀ ਦੀ ਚਪੇਟ ਵਿੱਚ ਆਉਣ ਦਾ ਖਤਰਾ ਖੜਾ ਹੋ ਗਿਆ ਹੈ। ਅੱਜ ਸਮਰਾਲਾ ਵਿਖੇ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਇੱਕ ਅਧਿਆਪਕ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਨਾਲ ਜਿਥੇ ਸਕੂਲ ਨੂੰ ਇੱਕ ਹਫ਼ਤੇ ਲਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ, ਉਥੇ ਹੀ ਸਕੂਲ ਸਟਾਫ਼ ਦੇ ਕੱਲ ਦੁਬਾਰਾ ਟੈਸਟ ਕੀਤੇ ਜਾਣ ਦੇ ਹੁਕਮ ਕੀਤੇ ਗਏ ਹਨ। ਇਸ ਤੋਂ ਇਲਾਵਾ ਇਸ ਅਧਿਆਪਕ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਕੋਰੋਨਾ ਪਾਜੇਟਿਵ ਆਏ ਅਧਿਆਪਕ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਸਕੂਲ ‘ਚ ਅੱਜ ਜਿਵੇ ਹੀ ਅਧਿਆਪਕ ਦੀ ਰਿਪੋਰਟ ਪਾਜੇਟਿਵ ਆਉਣ ਦਾ ਪਤਾ ਚੱਲਿਆ ਤਾਂ ਸਟਾਫ਼ ਤੋਂ ਇਲਾਵਾ ਵਿੱਦਿਆਰਥੀਆਂ ‘ਚ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਅਧਿਆਪਕ ਦੇ ਸੰਪਰਕ ਵਿੱਚ ਕੁਝ ਵਿੱਦਿਆਰਥੀਆਂ ਦੇ ਆਉਣ ਦੀ ਗੱਲ ਵੀ ਕਹੀ ਜਾ ਰਹੀ ਹੈ ਅਤੇ ਬੱਚਿਆਂ ਦੇ ਮਾਪਿਆਂ ਅੰਦਰ ਵੀ ਚਿੰਤਾ ਵਾਲਾ ਮਾਹੌਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਖੁਲਨ ਮਗਰੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾਕੇ ਅਧਿਆਪਕਾਂ ਅਤੇ ਹੋਰ ਸਟਾਫ਼ ਦੀ ਕੋਰੋਨਾ ਜਾਂਚ ਲਈ ਟੈਸਟ ਕੀਤੇ ਜਾ ਰਹੇ ਸਨ। ਸ਼ੁਕਰਵਾਰ ਨੂੰ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਵੀ ਸਿਹਤ ਵਿਭਾਗ ਦੀ ਟੀਮ ਨੇ ਪੁੱਜ ਕੇ ਇਥੋਂ ਦੇ ਸਾਰੇ ਸਟਾਫ਼ ਦੇ ਸੈਂਪਲ ਲਏ ਸਨ। ਇਸ ਸਕੂਲ ਵਿੱਚ ਕੁੱਲ 45 ਸਟਾਫ਼ ਮੈਂਬਰ ਹਨ ਅਤੇ ਤਿੰਨ ਦਿਨ ਬਾਅਦ ਅੱਜ ਆਈ ਰਿਪੋਰਟ ਵਿੱਚ ਇੱਕ ਅਧਿਆਪਕ ਦੀ ਰਿਪੋਰਟ ਪਾਜੇਟਿਵ ਆਉਣ ਨਾਲ ਹਫ਼ੜਾ-ਦਫੜੀ ਫੈਲ ਗਈ। ਇਹ ਅਧਿਆਪਕ ਸਕੂਲ ਖੁਲਨ ਮਗਰੋਂ ਲਗਾਤਾਰ ਸਕੂਲ ਆ ਰਿਹਾ ਸੀ ਅਤੇ ਇੱਕ ਕਲਾਸ ਦਾ ਇੰਚਾਰਜ਼ ਹੋਣ ਕਾਰਨ ਉਸ ਵੱਲੋਂ ਰਜਿਸ਼ਟ੍ਰੇਸ਼ਨ ਦਾ ਕੰਮ ਕੀਤੇ ਜਾਣ ਕਾਰਨ ਕਈ ਵਿੱਦਿਆਰਥੀ ਵੀ ਉਸ ਦੇ ਸੰਪਰਕ ਵਿੱਚ ਆਉਣ ਦੀ ਸੰਕਾ ਪ੍ਰਗਟਾਈ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਕੂਲ ਨੂੰ ਬੰਦ ਰੱਖਣ ਲਈ ਕਿਹਾ ਗਿਆ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸਵਰਨਜੀਤ ਕੌਰ ਨੇ ਸਕੂਲ ਦੇ ਇੱਕ ਅਧਿਆਪਕ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਦੀ ਜਾਣਕਾਰੀ ਮਿਲਣ ‘ਤੇ ਤੁਰੰਤ ਸਕੂਲ ਬੰਦ ਕਰਨ ਸਮੇਤ ਅਗਲੇ ਬੁੱਧਵਾਰ ਤੱਕ ਸਕੂਲ ਨੂੰ ਬੰਦ ਰੱਖਦ ਦੇ ਹੁਕਮ ਦਿੱਤੇ ਹਨ।