ਐਸਡੀਐਮ ਮੌੜ ਦੇ ਦਫ਼ਤਰ ਅੱਗੇ ਮਜਦੂਰਾਂ ਨੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

0
187

ਮੌੜ ਮੰਡੀ ਸ਼ਾਮ ਲਾਲ ਜੋਧਪੁਰੀਆ
ਪ੍ਰਾਈਵੇਟ ਕੰਪਨੀਆਂ ਦੇ ਕਰਜ਼ੇ ਅਤੇ ਬਿਜਲੀ ਬਿੱਲਾਂ ਤੋਂ ਪ੍ਰੇਸ਼ਾਨ ਹੋ ਕੇ ਅੱਜ ਮਜਦੂਰ ਅੰਦੋਲਨ ਪੰਜਾਬ ਅਤੇ ਸੀਪੀਆਈ ( ਐਮਐਲ ) ਰੈੱਡ ਸਟਾਰ ਦੀ ਅਗਵਾਈ ਹੇਠ ਮਜਦੂਰ ਔਰਤਾਂ ਵੱਲੋਂ ਐਸਡੀਐਮ ਦਫਤਰ ਮੌੜ ਦੇ ਗੇਟ ’ਤੇ ਬਿਜਲੀ ਬਿੱਲਾਂ ਨੂੰ ਸਾੜ ਕੇ ਸਰਕਾਰ ਖ਼ਿਲਾਫ ਧਰਨਾ ਲਗਾ ਕੇ ਭਰਵੀਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਸ ਮੌਕੇ ਜਿਲਾ ਪ੍ਰਧਾਨ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 74 ਸਾਲ ਦੀ ਅਜ਼ਾਦੀ ਤੋਂ ਬਾਅਦ ਦਲਿਤ ਵਰਗ ਦੀ ਹਾਲਤ ਤਰਸ ਯੋਗ ਬਣੀ ਹੋਈ ਹੈ। ਉਨਾਂ ਕਿਹਾ ਕਿ ਮਸ਼ੀਨੀ ਯੁੱਗ ਅਤੇ ਨਵੀਆਂ ਤਕਨੀਕਾਂ ਕਾਰਨ ਮਜਦੂਰਾਂ ਦੇ ਕੰਮ ਧੰਦੇ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪਾਵਰ ਕਾਰਪੋਰੇਸ਼ਨ ਵੱਲੋਂ ਗਰੀਬਾਂ ਨੂੰ 15 ਤੋਂ 20 ਹਜ਼ਾਰ ਰੁਪਏ ਤੱਕ ਦੇ ਭੇਜ ਦਿੱਤੇ ਹਨ, ਜਿਸ ਕਾਰਨ ਕਰਜ਼ੇ ਦੇ ਬੋਝ ਥੱਲੇ ਦੱਬੇ ਮਜਦੂਰ ਬਿਜਲੀ ਬਿੱਲ ਭਰਨ ਤੋਂ ਪੁਰੀ ਤਰਾਂ ਅਸਮੱਰਥ ਹਨ। ਉਨਾਂ ਕਿਹਾ ਕਿ ਸਰਕਾਰਾਂ ਦੀਆਂ ਦਲਿਤ ਵਿਰੋਧੀ ਨੀਤੀਆਂ ਕਾਰਨ ਗਰੀਬ ਲੋਕ ਮਹਿੰਗੀ ਸਿੱਖਿਆ, ਸਿਹਤ ਸਹੂਲਤਾਂ, ਮੁੱਢਲੀਆਂ ਲੋੜਾਂ ਅਤੇ ਢਿੱਡ ਭਰਨ ਲਈ ਅਨਾਜ ਨੂੰ ਤਰਸ ਰਹੇ ਹਨ। ਕਾਮਰੇਡ ਜਾਗਰ ਸਿੰਘ ਮਾਖਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕ ਵਿਰੋਧੀ ਕਾਨੂੰਨ ਪਾਸ ਕਰਕੇ ਸ਼ਰੇਆਮ ਕਾਰਪੋਰੇਟ ਘਰਾਣਿਆਂ ਲਾਭ ਪਹਿਚਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾ ਸਰਕਾਰ ਤੋਂ ਮੰਗ ਕੀਤੀ ਕਿ ਫਾਇਨਾਸ ਕੰਪਨੀਆਂ ਦਾ ਗਰੀਬ ਔਰਤਾਂ ਸਿਰ ਚੜਿਆ ਕਰਜਾ ਮਾਫ਼ ਕੀਤਾ ਜਾਵੇ, ਗਰੀਬ ਲੋਕਾਂ ਲਈ ਬਿਨਾਂ ਵਿਆਜ ਤੋਂ ਇੱਕ ਲੱਖ ਦਾ ਕਰਜ਼ਾ ਸੱਤ ਸਾਲਾਂ ਦੀ ਮਿਆਦ ’ਤੇ ਦਿੱਤਾ ਜਾਵੇ, ਸ਼ਹਿਰੀ ਮਜਦੂਰਾਂ ਨੂੰ ਰੁਜਗਾਰ ਗਰੰਟੀ ਯੋਜਨਾ ਤਹਿਤ ਲਿਆਂਦਾ ਜਾਵੇ, ਨਰੇਗਾ ਮਜਦੂਰਾਂ ਨੂੰ ਸਾਲ ’ਚ 2 ਸੌ ਦਿਨ ਦਾ ਕੰਮ ਦਿੱਤਾ ਜਾਵੇ, ਪ੍ਰੀਵਾਰ ਦੇ ਦੋ ਜੀਆਂ ਨੂੰ ਕੰਮ ਦੀ ਗਰੰਟੀ ਅਤੇ ਦਿਹਾੜੀ ਵਧਾ ਕੇ ਛੇ ਸੌ ਰੁਪਏ ਦਿੱਤੀ ਜਾਵੇ, ਕੱਟੇ ਗਏ ਰਾਸ਼ਨ ਕਾਰਡ ਮੁੜ ਚਾਲੂ ਕੀਤੇ ਜਾਣ ਅਤੇ ਗਰੀਬ ਵਰਗ ਦੇ ਬਿਜਲੀ ਬਿੱਲ ਮਾਫ਼ ਕੀਤੇ ਜਾਣ। ਇਸ ਮੌਕੇ ਦੇਵ ਰਾਜ ਮੌੜ, ਮਨਪ੍ਰੀਤ ਸਿੰਘ ਮੌੜ, ਗੁਰਮੇਲ ਸਿੰਘ ਮੌੜ ਖੁਰਦ ਤੋਂ ਇਲਾਵਾ ਭਾਰੀ ਗਿਣਤੀ ਵਿਚ ਮਜਦੂਰ ਮੌਜੂਦ ਸਨ।