ਪਿੰਡਾਂ ਦਾ ਵੀ ਹੋਵੇਗਾ ਸ਼ਹਿਰਾਂ ਵਰਗਾ ਵਿਕਾਸ, ਫੰਡਾਂ ਵਿੱਚ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ – ਰਾਣਾ ਸੋਢੀ

0
207

ਪੰਚਾਇਤਾਂ ਨੂੰ 2 ਕਰੋੜ 28 ਲੱਖ ਤੋਂ ਵੱਧ ਦੀ ਰਾਸ਼ੀ ਦੇ ਵੰਡੇ ਚੈੱਕ
ਫਿਰੋਜ਼ਪੁਰ : ਕੈਬਨਿਟ ਮੰਤਰੀ ਖੇਡਾਂ ਤੇ ਯੁਵਕ ਸੇਵਾਵਾਂ ਪੰਜਾਬ ਸ੍ਰ: ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਵੀਰਵਾਰ ਨੂੰ ਸ੍ਰੀ ਗੁਰੂ ਰਾਮਦਾਸ ਸਟੇਡੀਅਮ ਗੁਰੂਹਰਸਹਾਏ ਵਿਖੇ ਹਲਕੇ ਦੀਆਂ 50 ਤੋਂ ਵੱਧ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2 ਕਰੋੜ 28 ਲੱਖ ਤੋਂ ਵੱਧ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰ; ਗੁਰਪਾਲ ਸਿੰਘ ਚਾਹਲ, ਸ. ਰਵਿੰਦਰ ਸਿੰਘ ਅਰੋੜਾ ਐਸ.ਡੀ.ਐਮ, ਸੀਨੀਅਰ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਵੀ ਮੌਜੂਦ ਸਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਸੁਪਨਾ ਗੁਰੂਹਰਸਹਾਏ ਹਲਕੇ ਨੂੰ ਵਿਕਾਸ ਪੱਖੋਂ ਸੂਬੇ ਦਾ ਸਭ ਤੋਂ ਵਧੀਆ ਹਲਕਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦਾ ਵੀ ਸ਼ਹਿਰਾਂ ਦੇ ਬਰਾਬਰ ਦਾ ਵਿਕਾਸ ਕੀਤਾ ਜਾਵੇਗਾ, ਜਿਸ ਤਹਿਤ ਅੱਜ 50 ਦੇ ਕਰੀਬ ਪੰਚਾਇਤਾਂ ਨੂੰ 2 ਕਰੋੜ 28 ਲੱਖ ਦੀ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਵਿਸ਼ੇਸ਼ ਗਰਾਂਟਾ ਤੇ ਪ੍ਰਾਜੈਕਟ ਲਿਆ ਕੇ ਹਲਕੇ ਦੇ ਵਿਕਾਸ ਨੂੰ ਸਿੱਖਰਾਂ ਤੇ ਲੈ ਕੇ ਜਾਣਗੇ।