ਭਾਜਪਾ ਆਗੂ ਦੇ ਘਰ ਦਾ ਘਿਰਾਓ ਤੀਜੇ ਦਿਨ ਜਾਰੀ

0
310

ਮੋਗਾ : ਮੋਹਿਤ ਕੋਛੜ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਜਪਾ ਆਗੂ ਤਰਲੋਚਨ ਸਿੰਘ ਦੇ ਘਰ ਦਾ ਘਿਰਾਓ ਲਗਾਤਰ ਤੀਜੇ ਦਿਨ ਜਾਰੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਮੋਦੀ ਸਰਕਾਰ ਦੁਆਰਾ ਲੋਕ ਮਾਰੂ ਨੀਤੀਆਂ ਨੂੰ ਧੜੱਲੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੁਆਰਾ ਕਾਰਪੋਰੇਟ ਪੱਖੀ ਨੀਤੀਆਂ ਨੂੰ ਫਿਰਕੂ ਫਾਸ਼ੀਵਾਦ ਦੀ ਪਾਨ ਲਪੇਟ ਕੇ ਲਾਗੂ ਕੀਤਾ ਜਾ ਰਿਹਾ ਹੈ। ਬਲਾਕ ਨਿਹਾਲ ਸਿੰਘ ਵਾਲਾ ਦੇ ਬਲਾਕ ਪ੍ਰਧਾਨ ਗੁਰਚਰਨ ਰਾਮਾ ਨੇ ਕਿਹਾ ਕਿ ਕਿਸਾਨ ਮਾਰੂ ਖੇਤੀ ਬਿੱਲਾਂ ਖਿਲਾਫ ਡਟ ਕੇ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਨ ਲਈ ਜਬਰੀ ਹੱਥ ਕੰਡੇ ਅਪਣਾਅ ਰਹੀ ਹੈ। ਕਾਂਗਰਸ ਸਰਕਾਰ ਦੁਆਰਾ ਬਣਾਈ ਆਹਲੂਵਾਲੀਆ ਕਮੇਟੀ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਖੇਤੀ ਬਿੱਲਾਂ ਦੇ ਹੱਕ ਵਿੱਚ ਸੋਹਲੇ ਗਾਏ ਗਏ ਹਨ। ਜਥੇਬੰਦੀ ਦੇ ਆਗੂਆਂ ਸੁਦਾਗਰ ਸਿੰਘ ਤੇ ਜਗਮੋਹਨ ਸਿੰਘ ਸੈਦੋਕੇ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ ਕੀਤਾ ਜਾਵੇਗਾ। ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁੱਖ ਸਿੰਘ ਹਿੰਮਤਪੁਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਲੋਕ ਉਜਾੜੂ ਵਿਸ਼ਵੀਕਰਨ ਦੀਆਂ ਨੀਤੀਆਂ ਨੂੰ ਅੰਜਾਮ ਦੇਣ ਲਈ ਤੱਤਪਰ ਹੋਈਆਂ ਪਈਆਂ ਹਨ ਪਰ ਲੋਕ ਹੁਣ ਸਰਕਾਰਾਂ ਦੀਆਂ ਚਾਲਾਂ ਨੂੰ ਸਮਝ ਗਏ ਹਨ ਤੇ ਸੰਘਰਸ਼ਾਂ ਲਈ ਲਾਮਬੰਦ ਹੋਣੇ ਸ਼ੁਰੂ ਹੋ ਗਏ ਹਨ। ਇਸ ਤੋਂ ਇਲਾਵਾ ਡੀਟੀਐੱਫ਼ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਗੁਰਮੇਲ ਸਿੰਘ ਸੈਦੋਕੇ, ਹਰਦੀਪ ਸਿੰਘ ਮੱਦਾ, ਹਿੰਮਤਪੁਰਾ ਦੁਕਾਨਦਾਰ ਕਮੇਟੀ ਵੱਲੋਂ ਵੇਦ ਪ੍ਰਕਾਸ਼ ਤੇ ਮੋਹਨ ਲਾਲ, ਸ਼ਿੰਗਾਰਾ ਸਿੰਘ ਸੈਦੋਕੇ, ਗੁਰਨਾਮ ਸਿੰਘ ਮਾਛੀਕੇ, ਕਾਲਾ ਸਿੰਘ ਸੈਦੋਕੇ, ਹਾਕਮ ਸਿੰਘ ਰਾਮਾ, ਜਰਨੈਲ ਸਿੰਘ ਨਾਹਲ ਖੋਟੇ, ਕਾਕਾ ਸੈਦੋਕੇ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਰੁਪਿੰਦਰ ਸਿੰਘ ਦੀਨਾ ਨੇ ਨਿਭਾਈ।