ਨਵਾਂਸ਼ਹਿਰ ’ਚ ਕਿਸਾਨਾਂ ਘੇਰਿਆ ਰਿਲਾਇੰਸ ਸਟੋਰ

0
359

ਨਵਾਂਸ਼ਹਿਰ : ਜਤਿੰਦਰਪਾਲ ਸਿੰਘ ਕਲੇਰ
ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਭਾਰੀ ਗਿਣਤੀ ਵਿਚ ਕਿਸਾਨਾਂ ਨੇ ਮੋਦੀ ਸਰਕਾਰ ਦੀ ਚਹੇਤੀ ਬਹੁਕੌਮੀ ਕੰਪਨੀ ਰਿਲਾਇੰਸ ਦੇ ਸਥਾਨਕ ਚੰਡੀਗੜ੍ਹ ਰੋਡ ਤੇ ਸਥਿਤ ਸਮਾਰਟ ਸੁਪਰ ਸਟੋਰ ਦਾ ਘਿਰਾਓ ਕੀਤਾ ਜੋ ਸ਼ਾਮ ਤੱਕ ਚੱਲਿਆ ।ਬੀਤੇ ਕੱਲ੍ਹ ਦਿੱਲੀ ਵਿਚ ਕਿਸਾਨਾਂ ਦੀ ਮੋਦੀ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਪ੍ਰਤੀ ਕੇਂਦਰ ਸਰਕਾਰ ਵਲੋਂ ਗੰਭੀਰਤਾ ਨਾ ਦਿਖਾਉਣ ਕਾਰਨ ਗੁੱਸੇ ਵਿਚ ਭਰੇ ਪੀਤੇ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਤੇਜ ਕਰਦਿਆਂ ਕੱਲ ਇਸ ਸਟੋਰ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਸੀ । ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ,ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਭੁਪਿੰਦਰ ਸਿੰਘ ਵੜੈਚ,ਤਰਸੇਮ ਸਿੰਘ ਬੈਂਸ, ਮੱਖਣ ਸਿੰਘ ਭਾਨ ਮਜਾਰਾ, ਕਰਨੈਲ ਸਿੰਘ ਉੜਾਪੜ, ਇਸਤਰੀ ਜਾਗਿ੍ਰਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਸੁਤੰਤਰ ਕੁਮਾਰ, ਮੁਕੰਦ ਲਾਲ,ਜਮਹੂਰੀ ਕਿਸਾਨ ਯੂਨੀਅਨ ਦੇ ਆਗੂ ਸੋਹਣ ਸਿੰਘ ਸਲੇਮਪੁਰੀ, ਕਿਸਾਨ ਸਭਾ ਦੇ ਆਗੂ ਬਲਵੀਰ ਸਿੰਘ ਜਾਡਲਾ ਨੇ ਆਖਿਆ ਕਿ ਕਿਸਾਨ ਮਾਰੂ ਖੇਤੀ ਕਾਨੂੰਨ ਬਣਾਕੇ,ਸੰਘਰਸ਼ਸ਼ੀਲ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਮੋਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਸਰਕਾਰ ਅਡਾਨੀਆਂ,ਅੰਬਾਨੀਆਂ ,ਟਾਟਿਆਂ,ਵਿਰਲਿਆਂ ਸਮੇਤ ਹੋਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਾਂ ਦੀ ਪਿੱਛ ਲੱਗੂ ਸਰਕਾਰ ਹੈ ਜੋ ਨੰਗੇ ਚਿੱਟੇ ਰੂਪ ਵਿਚ ਕਿਸਾਨ ਮਾਰੂ ਨੀਤੀਆਂ ਘੜਕੇ ਕਾਰਪੋਰੇਟਾਂ ਦੇ ਹਿੱਤ ਪੂਰ ਰਹੀ ਹੈ ।ਉਹਨਾਂ ਕਿਹਾ ਕਿ ਇਸ ਕਿਸਾਨੀ ਸੰਘਰਸ਼ ਵਿਚ 6ਕਿਸਾਨਾਂ ਵਲੋਂ ਸ਼ਹੀਦੀਆਂ ਪਾਉਣਾ ਅਤੇ ਸੰਘਰਸ਼ ਦਾ ਹੋਰ ਤਿੱਖਾ ਹੋਣਾ ਦਰਸਾਉਂਦਾ ਹੈ ਕਿ ਧਰਤੀ ਦੇ ਜਾਏ ਹੁਣ ਬਿਨਾਂ ਜਿੱਤ ਤੋਂ ਪਿੱਛੇ ਹਟਣ ਵਾਲੇ ਨਹੀਂ ।ਉਹਨਾਂ ਕਿਹਾ ਕਿ ਸੰਘਰਸ਼ੀਲ ਕਿਸਾਨਾਂ ਦੇ ਜੋਸ਼ ਅਤੇ ਹੋਸ਼ ਦਾ ਸੁਮੇਲ, ਜਥੇਬੰਦਕ ਤਾਕਤ, ਲੀਡਰਸ਼ਿਪ ਦੀ ਯੋਗ ਅਗਵਾਈ ਮੋਦੀ ਸਰਕਾਰ ਦੀਆਂ ਗੋਡਣੀਆਂ ਲੁਆ ਕੇ ਹੀ ਦੰਮ ਲਵੇਗੀ । ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਦੀ ਨਾਟਕ ਮੰਡਲੀ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਵੀ ਪੇਸ਼ ਕੀਤੀਆਂ ਗਈਆਂ ।ਗੁਰਦੀਪ ਸਿੰਘ ਉੜਾਪੜ ਦੇ ਢਾਡੀ ਜੱਥੇ ਨੇ ਬੀਰ ਰਸ ਭਰਪੂਰ ਵਾਰਾਂ ਗਾ ਕੇ ਧਰਨਾਕਾਰੀ ਕਿਸਾਨਾਂ ਵਿਚ ਨਵਾਂ ਜੋਸ਼ ਭਰਿਆ ।ਇਸ ਮੌਕੇ ਮੁਖਤਿਆਰ ਧਰਮਕੋਟ, ਮੱਖਣ ਸਿੰਘ ਭਾਨ ਮਜਾਰਾ, ਸਤਨਾਮ ਸਿੰਘ ਰਸੂਲਪੁਰ, ਜਰਨੈਲ ਸਿੰਘ ਭੁੱਖੜੀ,ਬਹਾਦਰ ਸਿੰਘ, ਜਰਨੈਲ ਸਿੰਘ ਕਾਹਮਾ,ਸਾਧੂ ਸਿੰਘ ਚੂਹੜ ਪੁਰ ਵੀ ਮੌਜੂਦ ਸਨ।