ਭਾਰਤੀ ਫੌਜ ਚੀਨ ਤੇ ਪਾਕਿਸਤਾਨ ਨਾਲ ਇਕੋ ਸਮੇਂ ਜੰਗ ਲੜਨ ਲਈ ਤਿਆਰ – ਸੈਨਾ ਮੁਖੀ

0
722

ਨਵੀਂ ਦਿੱਲੀ: ਹਵਾਈ ਸੈਨਾ ਦੇ ਚੀਫ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੀਨ ਨਾਲ ਜਾਰੀ ਟਕਰਾਅ ਵਿਚਕਾਰ ਭਾਰਤ ਦੋਵੇਂ ਫਰੰਟ ‘ਤੇ ਲੜਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਇਕੋ ਸਮੇਂ ਚੀਨ ਤੇ ਪਾਕਿਸਤਾਨ ਨਾਲ ਕਿਸੇ ਵੀ ਸੰਭਾਵੀ ਜੰਗ ਨੂੰ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕਿਸੇ ਵੀ ਸੰਘਰਸ਼ ਵਿੱਚ ਸਾਡੀ ਜਿੱਤ ਵਿੱਚ ਹਵਾਈ ਸ਼ਕਤੀ ਮਹੱਤਵਪੂਰਨ ਸਿੱਧ ਹੋਵੇਗੀ। ਏਅਰਫੋਰਸ ਕਿਸੇ ਵੀ ਹਰਕਤ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ।
ਲਦਾਖ ਬਾਰੇ ਸਵਾਲ ਪੁੱਛੇ ਜਾਣ ‘ਤੇ ਹਵਾਈ ਸੈਨਾ ਦੇ ਮੁਖੀ ਨੇ ਕਿਹਾ ਕਿ ਅਸੀਂ ਸਾਰੀਆਂ ਲੋੜੀਂਦੀਆਂ ਥਾਵਾਂ ‘ਤੇ ਤਾਇਨਾਤੀ ਕੀਤੀ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ। ਸਾਡੇ ਆਲੇ-ਦੁਆਲੇ ਪੈਦਾ ਹੋਈ ਸਥਿਤੀ ਨੇ ਇਹ ਦਰਸਾਇਆ ਹੈ ਕਿ ਫੌਜ ਨੂੰ ਮਜ਼ਬੂਤ ਤੇ ਤਿਆਰ ਹੋਣ ਦੀ ਜ਼ਰੂਰਤ ਹੈ ਤੇ ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤੀ ਹਵਾਈ ਸੈਨਾ ਇਕ ਸਰਬੋਤਮ ਸੈਨਾ ਹੈ।
ਚੀਨ ਨੇ ਸਾਡੀਆਂ ਸ਼ਕਤੀਆਂ ਨੂੰ ਵੀ ਸਮਝ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਫੇਲ, ਚਿਨੁਕ, ਅਪਾਚੇ ਨੂੰ ਰਿਕਾਰਡ ਸਮੇਂ ਵਿੱਚ ਕਾਰਜਾਂ ਲਈ ਤਿਆਰ ਕੀਤਾ ਹੈ। ਅਗਲੇ 3 ਸਾਲਾਂ ਵਿੱਚ ਰਾਫੇਲ ਅਤੇ ਐਲਸੀਏ ਮਾਰਕ 1 ਸਕੁਐਡਰਨ ਪੂਰੀ ਤਾਕਤ ਨਾਲ ਕੰਮ ਕਰੇਗਾ। ਚੀਨ ਨਾਲ ਚੱਲ ਰਹੀ ਗੱਲਬਾਤ ‘ਤੇ ਏਅਰਫੋਰਸ ਦੇ ਚੀਫ਼ ਨੇ ਕਿਹਾ ਕਿ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਡਿਸਈਨਗੇਜਮੈਂਟ ‘ਤੇ ਗੱਲਬਾਤ ਕਿਵੇਂ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਗੱਲਬਾਤ ਦੇ ਜ਼ਰੀਏ ਮਾਮਲਾ ਹੱਲ ਹੋ ਜਾਵੇਗਾ। ਦੋਵਾਂ ਦੇਸ਼ਾਂ ਦਰਮਿਆਨ ਤਣਾਅ ਨੂੰ ਘੱਟ ਕਰਨ ਲਈ ਕੋਰ ਕਮਾਂਡਰਾਂ ਦਰਮਿਆਨ ਗੱਲਬਾਤ ਦਾ ਸੱਤਵਾਂ ਦੌਰ 12 ਅਕਤੂਬਰ ਨੂੰ ਹੋਵੇਗਾ।