Earthquake: ਹੈਤੀ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 1,297

ਕੈਰੇਬੀਅਨ ਦੇਸ਼ ਹੈਤੀ ਵਿੱਚ ਐਤਵਾਰ ਨੂੰ ਇੱਕ ਵਿਸ਼ਾਲ ਭੂਚਾਲ ਆਇਆ, ਜਿਸ ਵਿੱਚ 1297 ਲੋਕ ਮਾਰੇ ਗਏ ਤੇ 2,800 ਤੋਂ ਵੱਧ ਜ਼ਖਮੀ ਹੋਏ। ਵੱਡੀ ਗਿਣਤੀ ਵਿੱਚ ਰਿਹਾਇਸ਼ੀ ਮਕਾਨ ਅਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਹਨ। ਪ੍ਰਧਾਨ ਮੰਤਰੀ ਏਰੀਅਲ ਹੈਨਰੀ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ। ਜਦੋਂ ਕਿ ਇੱਕ ਸਾਬਕਾ ਸੰਸਦ ਮੈਂਬਰ ਨੇ ਜਹਾਜ਼ਾਂ ਨੂੰ ਕਿਰਾਏ 'ਤੇ ਲੈ ਕੇ ਜ਼ਖਮੀਆਂ ਨੂੰ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਹਸਪਤਾਲਾਂ ਵਿੱਚ ਲਿਜਾਣਾ ਸ਼ੁਰੂ ਕਰ ਦਿੱਤਾ ਹੈ। ਰਿਕਟਰ ਪੈਮਾਨੇ 'ਤੇ 7.2 ਦੀ ਤੀਬਰਤਾ ਵਾਲੇ ਭੂਚਾਲ ਨੇ ਦੇਸ਼ ਦਾ ਚਿਹਰਾ ਹੀ ਬਦਲ ਕੇ ਰੱਖ ਦਿੱਤਾ ਹੈ। ਪੂਰਾ ਦੇਸ਼ ਮਲਬੇ ਦੇ ਢੇਰ ਵਿੱਚ ਬਦਲਦਾ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਹਰ ਪਾਸੇ ਚੀਕ -ਚਿਹਾੜਾ ਛਾਇਆ ਹੋਇਆ ਹੈ। ਹੈਤੀ ਵਿੱਚ ਸੈਂਕੜੇ ਲੋਕ ਮਲਬੇ ਦੇ ਢੇਰ ਹੇਠ ਫਸੇ ਹੋਏ ਹਨ, ਬਚਾਅ ਟੀਮਾਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਲੱਖਾਂ ਲੋਕ ਖੁੱਲ੍ਹੇ ਵਿੱਚ ਹਨ ਕਿਉਂਕਿ ਵੱਡੀ ਗਿਣਤੀ ਵਿੱਚ ਘਰ ਅਤੇ ਇਮਾਰਤਾਂ ਹਿ ਤਬਾਹ ਹੋ ਗਈਆਂ ਹਨ। ਕੋਵਿਡ-19 ਮਹਾਂਮਾਰੀ, ਰਾਸ਼ਟਰਪਤੀ ਦੀ ਹਾਲੀਆ ਹੱਤਿਆ ਦੁਆਰਾ ਪੈਦਾ ਕੀਤੀ ਗਈ ਰਾਜਨੀਤਿਕ ਅਸਥਿਰਤਾ ਅਤੇ ਅਤਿ ਗਰੀਬੀ ਦੇ ਵਿਚਕਾਰ ਇਸ ਭੂਚਾਲ ਦੇ ਕਾਰਨ ਹੈਤੀ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਦਿਖਾਈ ਨਹੀਂ ਦੇ ਰਹੀਆਂ। ਮੌਸਮ ਵਿਭਾਗ ਨੇ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਦੇ ਤੱਟੀ ਇਲਾਕਿਆਂ ਵਿੱਚ ਤੂਫਾਨ ਆਉਣ ਦੀ ਭਵਿੱਖਬਾਣੀ ਵੀ ਕੀਤੀ ਹੈ। ਕੁਝ ਖੇਤਰਾਂ ਵਿੱਚ ਤੂਫਾਨ ਤੋਂ ਪਹਿਲਾਂ ਮੀਂਹ ਅਤੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਭੂਚਾਲ ਦਾ ਕੇਂਦਰ ਰਾਜਧਾਨੀ ਪੋਰਟ-ਓ-ਪ੍ਰਿੰਸ ਤੋਂ 125 ਕਿਲੋਮੀਟਰ ਪੱਛਮ ਵਿੱਚ ਹੈ। ਭੂਚਾਲ ਆਉਣ ਦੇ ਕੁਝ ਘੰਟਿਆਂ ਬਾਅਦ ਵੀ ਜ਼ਮੀਨ ਹਿੱਲਦੀ ਮਹਿਸੂਸ ਕੀਤੀ ਗਈ। ਇਸ ਕਾਰਨ ਇਮਾਰਤਾਂ ਵਿੱਚ ਤਰੇੜਾਂ ਚੌੜੀਆਂ ਹੋ ਗਈਆਂ ਤੇ ਕੁਝ ਖਸਤਾ ਹਾਲ ਇਮਾਰਤਾਂ ਢਹਿ ਗਈਆਂ। ਭੂਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਤੱਟਵਰਤੀ ਸ਼ਹਿਰ ਲੇਸ ਕੇਜ਼ ਵਿੱਚ ਬਿਜਲੀ ਵੀ ਪ੍ਰਭਾਵਿਤ ਹੋਈ ਹੈ। ਬਿਜਲੀ ਪ੍ਰਭਾਵਿਤ ਹੋਣ ਕਾਰਨ ਬਚਾਅ ਕਾਰਜ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ। ਹੈਤੀ ਵਿੱਚ ਲੋਕ ਹੁਣ ਪੂਰੀ ਤਰ੍ਹਾਂ ਰੱਬ ਤੇ ਭਰੋਸੇ ਹਨ ਤੇ ਮਲਬੇ ਹੇਠ ਦਬੇ ਆਪਣੇ ਦੋਸਤਾਂ ਤੇ ਪਰਿਵਾਰਾਂ ਨੂੰ ਬਚਾਉਣ ਲਈ ਪ੍ਰਾਰਥਨਾ ਕਰ ਰਹੇ ਹਨ।

1.