DGCA ਨੇ ਅੰਤਰਰਾਸ਼ਟਰੀ ਉਡਾਣਾਂ ‘ਤੇ 31 ਜੁਲਾਈ ਤੱਕ ਰੋਕ ਲਾਈ

ਨਵੀਂ ਦਿੱਲੀ- ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (DGCA) ਨੇ ਨਿਰਧਾਰਤ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ 31 ਜੁਲਾਈ ਤੱਕ ਵਧਾ ਦਿੱਤੀ ਹੈ। ਡੀਜੀਸੀਏ ਨੇ ਕਿਹਾ ਕਿ ਅੰਤਰਰਾਸ਼ਟਰੀ ਵਪਾਰਕ ਯਾਤਰੀਆਂ ਦੀਆਂ ਉਡਾਣਾਂ ਉੱਤੇ ਪਾਬੰਦੀ 31 ਜੁਲਾਈ 2021 ਤੱਕ ਲਾਗੂ ਰਹੇਗੀ। ਹਾਲਾਂਕਿ, ਇਹ ਪਾਬੰਦੀ ਉਨ੍ਹਾਂ ਅੰਤਰਰਾਸ਼ਟਰੀ ਕਾਰਗੋ ਉਡਾਣਾਂ ਲਈ ਲਾਗੂ ਨਹੀਂ ਹੋਏਗੀ ਜਿਨ੍ਹਾਂ ਨੂੰ ਡੀਜੀਸੀਏ ਦੁਆਰਾ ਆਗਿਆ ਦਿੱਤੀ ਗਈ ਹੈ। ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਕੇਸ ਦੇ ਅਧਾਰ ਤੇ ਸਮਰੱਥ ਅਧਿਕਾਰੀ ਦੁਆਰਾ ਚੁਣੇ ਰੂਟਾਂ ਉੱਤੇ ਅੰਤਰਰਾਸ਼ਟਰੀ ਉਡਾਣਾਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਦੱਸ ਦੇਈਏ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਮਾਰਚ 2020 ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਪਾਬੰਦੀ ਲਗਾਈ ਗਈ ਸੀ। ਘਰੇਲੂ ਉਡਾਣਾਂ ਮਈ 2020 ਵਿਚ ਦੁਬਾਰਾ ਸ਼ੁਰੂ ਹੋਈਆਂ ਪਰ ਕੌਮਾਂਤਰੀ ਯਾਤਰਾ ਪਾਬੰਦੀਆਂ ਰਹੀ ਕਿਉਂਕਿ ਕੋਵਿਡ ਦੇ ਕੇਸ ਵੱਡੀ ਗਿਣਤੀ ਵਿਚ ਮਿਲਦੇ ਰਹੇ। ਡੀਜੀਸੀਏ ਨੇ ਅੰਤਰਰਾਸ਼ਟਰੀ ਉਡਾਣਾਂ 'ਤੇ ਪਾਬੰਦੀ ਮਾਰਚ 2020 ਤੋਂ ਕਈ ਵਾਰ ਵਧਾ ਦਿੱਤੀ ਹੈ। ਪਿਛਲੇ ਸਾਲ, ਕੋਵਿਡ ਦੇ ਕਾਰਨ, ਭਾਰਤ ਸਰਕਾਰ ਨੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਕੋਵਿਡ ਦੇ ਨਵੇਂ ਰੂਪ ਮਿਲ ਜਾਣ ਕਾਰਨ ਅੰਤਰਰਾਸ਼ਟਰੀ ਯਾਤਰਾ ਲਗਭਗ ਦੁਨੀਆ ਭਰ ਵਿੱਚ ਬੰਦ ਹੈ। ਕਾਬਲੇਗੌਰ ਹੈ ਕਿ ਇਕ ਦਿਨ ਵਿਚ ਭਾਰਤ ਵਿਚ ਕੋਵਿਡ -19 ਦੇ 45,951 ਨਵੇਂ ਕੇਸ ਆਉਣ ਨਾਲ ਕੋਰੋਨਾ ਵਾਇਰਸ ਦੀ ਲਾਗ ਦੇ ਕੇਸਾਂ ਦੀ ਗਿਣਤੀ 3,03,62,848 ਤੱਕ ਪਹੁੰਚ ਗਈ, ਜਦੋਂ ਕਿ ਇਕ ਦਿਨ ਵਿਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 1000 ਤੋਂ ਵੀ ਘੱਟ ਰਹਿ ਗਈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ 817 ਹੋਰ ਲੋਕਾਂ ਦੇ ਮਾਰੇ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 3,98,454 ਹੋ ਗਈ ਹੈ, ਇੱਕ ਦਿਨ ਵਿੱਚ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਇਹ ਗਿਣਤੀ 81 ਦਿਨ ਵਿਚ ਸਭ ਤੋਂ ਘੱਟ ਹੈ। ਸਵੇਰੇ ਸੱਤ ਵਜੇ ਤੱਕ ਪ੍ਰਕਾਸ਼ਤ ਕੀਤੇ ਅੰਕੜਿਆਂ ਅਨੁਸਾਰ, ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 33.28 ਕਰੋੜ ਟੀਕੇ ਲਗਵਾਏ ਜਾ ਚੁੱਕੇ ਹਨ। ਸਵੇਰੇ 8 ਵਜੇ ਤੱਕ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 5,37,064 ਹੋ ਗਈ ਹੈ ਜੋ ਲਾਗ ਦੇ ਕੁਲ ਮਾਮਲਿਆਂ ਵਿਚ 1.77 ਪ੍ਰਤੀਸ਼ਤ ਹੈ ਜਦੋਂਕਿ ਕੋਵਿਡ -19 ਤੋਂ ਰਿਕਵਰੀ ਦੀ ਦਰ 96.92 ਪ੍ਰਤੀਸ਼ਤ ਹੈ।

1.