ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਪਿਤਾ ਭਾਈ ਮਹਿੰਗਾ ਸਿੰਘ ਚੱਲ ਵਸੇ

0
100

ਸਸਕਾਰ ਅੱਜ ਰਾਜਸਥਾਨ ਵਿਖੇ
ਸੰਤ ਗਿਆਨੀ ਹਰਨਾਮ ਸਿੰਘ ਖਾਲਸਾ, ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਅਤੇ ਹੋਰ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਜਲੰਧਰ- ਆਵਾਜ਼ ਬਿਊਰੋ
ਸਿੱਖ ਪੰਥ ਦੇ ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸਤਿਕਾਰਯੋਗ ਪਿਤਾ ਭਾਈ ਮਹਿੰਗਾ ਸਿੰਘ ਜੀ ਅੱਜ ਬਾਅਦ ਦੁਪਹਿਰ 3 ਵਜੇ ਅਚਾਨਕ ਅਕਾਲ ਚਲਾਣਾ ਕਰ ਗਏ ਹਨ। 92 ਸਾਲਾ ਭਾਈ ਮਹਿੰਗਾ ਸਿੰਘ ਨੇ ਆਪਣੀ ਸਾਰੀ ਉਮਰ ਗੁਰਮਤਿ ਸਿਧਾਤਾਂ ਨੂੰ ਸਮਰਪਿਤ ਰਹਿੰਦਿਆਂ ਪੂਰਨ ਚੜ੍ਹਦੀ ਕਲਾ ਵਿੱਚ ਬਿਤਾਈ। ਉਨ੍ਹਾਂ ਦਾ ਅੰਤਿਮ ਸਸਕਾਰ 8 ਜਨਵਰੀ ਨੂੰ ਦੁਪਹਿਰ 12.30 ਵਜੇ ਪਿੰਡ 16 ਐੱਫ.ਐੱਫ. ਤਹਿਸੀਲ ਕਰਨਪੁਰ ਸ੍ਰੀ ਗੰਗਾ ਨਗਰ ਰਾਜਸਥਾਨ ਵਿਖੇ ਕੀਤਾ ਜਾਵੇਗਾ। ਭਾਈ ਮਹਿੰਗਾ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾਤਾ ਕੈਪਟਨ ਹਰਚਰਨ ਸਿੰਘ ਰੋਡੇ, ਸ੍ਰੋਮਣੀ ਕਮੇਟੀ ਮੈਂਬਰ ਭਾਈ ਜਗਤਾਰ ਸਿੰਘ ਰੋਡੇ, ਦਮਦਮੀ ਟਕਸਾਲ ਦੇ ਬੁਲਾਰੇ ਅਤੇ ਸ੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਂਬਰ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ, ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਜੱਥੇਦਾਰ ਦਰਸ਼ਨ ਸਿੰਘ ਮੰਡ, ਇੰਟਰਨੈਸ਼ਨਲ ਪੰਥਕ ਦਲ ਦੇ ਪੈਨਲ ਮੈਂਬਰ ਜੱਥੇਦਾਰ ਦਲੀਪ ਸਿੰਘ ਚੱਕਰ, ਆਲ ਇੰਡੀਆ ਕਨਵੀਨਰ ਭਾਈ ਹਰਚੰਦ ਸਿੰਘ ਚੱਕਰ, ਪੰਜਾਬ ਪ੍ਰਧਾਨ ਭਾਈ ਲਖਵਿੰਦਰ ਸਿੰਘ, ਧਾਰਮਿਕ ਵਿੰਗ ਦੇ ਪ੍ਰਧਾਨ ਬਾਬਾ ਸਤਨਾਮ ਸਿੰਘ ਵੱਲੀਆ, ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਨੱਥੂਵਾਲਾ, ਪ੍ਰੈੱਸ ਸਕੱਤਰ ਗਿਆਨੀ ਰਾਜਪਾਲ ਸਿੰਘ ਬੋਪਾਰਾਏ ਅਤੇ ਹੋਰ ਪੰਥਕ ਸ਼ਖਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਨ੍ਹਾਂ ਸ਼ਖਸੀਅਤਾਂ ਨੇ ਕਿਹਾ ਹੈ ਕਿ ਭਾਈ ਮਹਿੰਗਾ ਸਿੰਘ ਦੇ ਪਰਿਵਾਰ ਸਿੱਖ ਪੰਥ ਨੂੰ ਮਹਾਨ ਦੇਣ ਹੈ ਅਤੇ ਖਾਲਸਾ ਪੰਥ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀਆਂ ਪੰਥਕ ਸੇਵਾਵਾਂ ਲਈ ਹਮੇਸ਼ਾਂ ਰਿਣੀ ਰਹੇਗਾ।