72 ਸਾਲ ਪਹਿਲਾਂ ਵਿਛੜੇ ਭੈਣ ਭਰਾ ਮਿਲਾਏ ਸੋਸ਼ਲ ਮੀਡੀਆ ਨੇ

0
514

ਸ੍ਰੀ ਗੰਗਾਨਗਰ – ਆਵਾਜ਼ ਬਿੳੂਰੋ
ਸੋਸ਼ਲ ਮੀਡੀਆ ਨੇ ਸਰਹੱਦਾਂ ਦੇ ਆਰ-ਪਾਰ 72 ਸਾਲ ਪਹਿਲਾਂ ਵਿਛੜੇ ਭੈਣ ਭਰਾ ਨੂੰ ਆਪਸ ਵਿੱਚ ਮਿਲਾ ਦਿੱਤਾ ਹੈ। ਭਰਾ ਰਣਜੀਤ ਸਿੰਘ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ ਰਹਿ ਰਿਹਾ ਹੈ ਅਤੇ ਭੈਣ ਭਜੋ ਮੌਜੂਦਾ ਸਮੇਂ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਵਿੱਚ ਰਹਿ ਰਹੀ ਹੈ। ਰਣਜੀਤ ਸਿੰਘ ਦੇ ਪਰਿਵਾਰ ਨੇ ਬੀਤੇ ਦਿਨੀਂ ਭਜੋ ਅਤੇ ਉਸ ਦੇ ਪਰਿਵਾਰ ਨਾਲ ਵੀਡੀਓ ਕਾਲਿੰਗ ਰਾਹੀਂ ਗੱਲਬਾਤ ਕੀਤੀ। ਹੁਣ ਦੋਵੇਂ ਪਰਿਵਾਰ ਆਪਸ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਆਹਮੋ-ਸਾਹਮਣੇ ਹੋ ਕੇ ਮਿਲਣਗੇ। ਇਹ ਦੋਵੇਂ ਪਰਿਵਾਰ ਰਾਏ ਸਿੰਘ ਨਗਰ ਦੇ ਰਹਿਣ ਵਾਲੇ ਐਡਵੋਕੇਟ ਹਰਪਾਲ ਸਿੰਘ ਸੂਦਨ ਅਤੇ ਪਾਕਿਸਤਾਨੀ ਕਬਜੇ ਵਾਲੇ ਕਸ਼ਮੀਰ ਵਿੱਚ ਰਹਿਣ ਵਾਲੇ ਜੁਬੇਰ ਅਤੇ ਪੁੰਛ ਵਿੱਚ ਰਹਿਣ ਵਾਲੀ ਲੜਕੀ ਰੋਮੀ ਸ਼ਰਮਾ ਦੀ ਬਦੌਲਤ ਮਿਲ ਸਕੇ ਹਨ। ਇਨ੍ਹਾਂ ਪੁੰਛ ਵਿੱਚ ਰਹਿਣ ਵਾਲੇ ਵਿਛੜੇ ਲੋਕਾਂ ਨੂੰ ਮਿਲਾਉਣ ਲਈ ਇੱਕ ਸੋਸ਼ਲ ਮੀਡੀਆ ਗਰੁੱਪ ਬਣਾਇਆ ਹੋਇਆ ਹੈ। 1947 ਵਿੱਚ ਕਸ਼ਮੀਰ ਦੇ ਦਦੂਰਵੈਣਾ ਪਿੰਡ ਵਿੱਚ ਰਹਿਣ ਵਾਲੇ ਨੰਬਰਦਾਰ ਮਤਵਾਲ ਸਿੰਘ ਦਾ ਪਰਿਵਾਰ ਕਬਾਇਲੀ ਹਮਲੇ ਦੌਰਾਨ ਬੇਘਰ ਹੋ ਗਿਆ ਸੀ। ਇਸ ਹਮਲੇ ਵਿੱਚ ਉਸ ਸਮੇਂ 4 ਸਾਲਾਂ ਦੀ ਭਜੋ ਪਰਿਵਾਰ ਤੋਂ ਵਿਛੜ ਗਈ ਸੀ। ਮਤਵਾਲ ਸਿੰਘ ਦਾ ਪਰਿਵਾਰ ਹੁਣ ਰਾਜਸਥਾਨ ਜਿਲ੍ਹੇ ਦੇ ਰਾਏ ਸਿੰਘ ਨਗਰ ਵਿੱਚ ਰਹਿੰਦਾ ਹੈ। ਇਨ੍ਹਾਂ ਵਿੱਚ ਮਤਵਾਲ ਸਿੰਘ ਦਾ ਪੋਤਾ ਰਣਜੀਤ ਸਿੰਘ ਅਤੇ ਉਸ ਦਾ ਪਰਿਵਾਰ ਹੈ। ਵਿਛੜੀ ਵੱਡੀ ਭੈਣ ਭਜੋ ਦਾ ਹੁਣ ਪਾਕਿਸਤਾਨ ਵਿੱਚ ਨਾਂਅ ਸ਼ਕੀਨਾ ਹੈ ਅਤੇ ਉਸ ਦੇ ਚਾਰ ਬੱਚੇ ਹਨ। ਹਰਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਉਸ ਦੇ ਘਰ ਆਏ ਸਨ। ਉਦੋਂ ਉਸ ਨੇ ਦੱਸਿਆ ਸੀ ਕਿ ਉਨ੍ਹਾਂ ਇੱਕ ਵਟਸਐੱਪ ਗਰੁੱਪ ਬਣਾ ਰੱਖਿਆ ਹੈ ਜਿਸ ਵਿੱਚ ਪਾਕਿਸਤਾਨੀ ਕਸ਼ਮੀਰ ਵਾਲੇ ਅਤੇ ਭਾਰਤੀ ਕਸ਼ਮੀਰ ਦੇ ਪੁੰਛ ਵਿੱਚ ਰਹਿਣ ਵਾਲੇ ਕਈ ਮੈਂਬਰ ਹਨ। ਉਦੋਂ ਰਣਜੀਤ ਨੇ ਆਪਣੀ 1947 ਵਿੱਚ ਵਿਛੜੀ ਭੈਣ ਭਜੋ ਬਾਰੇ ਉਨ੍ਹਾਂ ਨੂੰ ਦੱਸਿਆ। ਉਨ੍ਹਾਂ ਨੇ ਇਸ ਸਬੰਧੀ ਸਾਰਾ ਰਿਕਾਰਡ ਆਪਣੇ ਸੋਸ਼ਲ ਮੀਡੀਆ ਵਿੱਚ ਪਾਇਆ ਅਤੇ ਭੱਜੋ ਦਾ ਅਤਾ ਪਤਾ ਲੱਭ ਲਿਆ। ਪਾਕਿਸਤਾਨ ਵਿੱਚ ਸ਼ਕੀਨਾ ਵੱਜੋਂ ਰਹਿ ਰਹੀ ਭਜੋ ਦੀ ਆਪਣੇ ਭਰਾ ਰਣਜੀਤ ਸਿੰਘ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਹੋਣ ਤੋਂ ਬਾਅਦ ਹੁਣ ਦੋਵਾਂ ਪਰਿਵਾਰਾਂ ਵਿੱਚ ਆਪਸ ਵਿੱਚ ਮਿਲਣ ਦੀ ਤਾਂਘ ਜੋਰ ਫੜ ਗਈ ਹੈ।