550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਕੱਪ ’ਚ ਭਾਰਤ ਨੇ ਇੰਗਲੈਂਡ ਨੂੰ ਅਤੇ ਕੈਨੇਡਾ ਨੇ ਅਮਰੀਕਾ ਨੂੰ ਹਰਾਇਆ

0
154

ਅੰਮਿ੍ਰਤਸਰ – ਹਰਪਾਲ ਸਿੰਘ
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿਚ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਦੂਸਰੇ ਦਿਨ ਸਥਾਨਕ ਗੁਰੂ ਨਾਨਕ ਸਟੇਡੀਅਮ ’ਚ ਖੇਡੇ ਗਏ ਦੋ ਫਸਵੇਂ ਮੈਚਾਂ ਵਿਚ ਭਾਰਤ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ 36 ਦੇ ਮੁਕਾਬਲੇ 54 ਅੰਕਾਂ ਨਾਲ ਹਰਾ ਕੇ ਕੱਪ ਵਿਚ ਆਪਣੀ ਧਾਕ ਜਮਾਈ। ਜਦਕਿ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਹੋਈ ਟੱਕਰ ਵਿਚ ਕਨੇਡਾ ਨੇ ਇਕ ਪਾਸੜ ਮੈਚ ਖੇਡਦਿਆਂ ਅਮਰੀਕਾ ਦੀ ਟੀਮ 26 ਦੇ ਮੁਕਾਬਲੇ 53 ਅੰਕਾਂ ਨਾਲ ਹਰਾਇਆ। ਵਿਸ਼ਵ ਕਬੱਡੀ ਕੱਪ ਦੇ ਅੰਮਿ੍ਰਤਸਰ ਵਿਚ ਖੇਡੇ ਗਏ ਮੈਚਾਂ ਦੇ ਮੁੱਖ ਮਹਿਮਾਨ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਆਸ਼ੀਰਵਾਦ ਦਿੱਤਾ। ਉਨਾਂ ਆਪਣੇ ਸੰਬੋਧਨ ਵਿਚ ਸਾਰੀਆਂ ਟੀਮਾਂ ਦੇ ਖਿਡਾਰੀਆਂ ਨੂੰ ਜੀ ਆਇਆਂ ਕਹਿੰਦੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਕਰਵਾਇਆ ਜਾ ਰਿਹਾ ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਜਿੱਥੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਪ੍ਰਮੋਟ ਕਰ ਰਿਹਾ ਹੈ, ਉਥੇ ਸਾਡੇ ਬੱਚਿਆਂ ਵਿਚ ਇਸ ਦਾ ਪਿਆਰ ਵੰਡ ਰਿਹਾ ਹੈ। ਉਨ੍ਹਾਂ ਇਹ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਕਰਵਾਉਣ ਲਈ ਖੇਡ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ, ਉਥੇ ਅੰਮਿ੍ਰਤਸਰ ਜਿਲ੍ਹੇ ’ਚ ਮੈਚਾਂ ਦੀ ਸ਼ਾਨਦਾਰ ਮਹਿਮਾਨ ਨਿਵਾਜ਼ੀ ਕਰਨ ਲਈ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦਾ ਵਿਸ਼ੇਸ਼ ਧੰਨਵਾਦ ਕਰਦੇ ਕਿਹਾ ਕਿ ਇਨਾਂ ਦੀ ਬਦੌਲਤ ਹੀ ਇਹ ਮੈਚ ਸੰਭਵ ਹੋ ਸਕੇ ਹਨ। ਉਨ੍ਹਾਂ ਮੈਚ ਜਿੱਤਣ ਲਈ ਭਾਰਤ ਦੀ ਟੀਮ ਨੂੰ ਵਿਸ਼ੇਸ਼ ਤੌਰ ਉਤੇ ਵਧਾਈ ਦਿੱਤੀ। ਇਸ ਮੌਕੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਾਇਰੈਕਟਰ ਖੇਡਾਂ ਸ੍ਰੀ ਸੰਜੈ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ ਸਾਰੰਗਲ, ਚੇਅਰਮੈਨ ਪ੍ਰਗਟ ਸਿੰਘ ਧੁੰਨਾ, ਕਬੱਡੀ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਤੇ ਟੂਰਨਾਮੈਂਟ ਡਾਇਰੈਕਟਰ ਤਜਿੰਦਰ ਸਿੰਘ ਮਿੱਡੂ ਖੇੜਾ, ਹਾਕੀ ਖਿਡਾਰੀ ਤੇ ਡੀ ਸੀ ਪੀ ਸ੍ਰੀ ਗਗਨਅਜੀਤ ਸਿੰਘ, ਡੀ ਸੀ ਪੀ ਮੁਖਵਿੰਦਰ ਸਿੰਘ ਭੁੱਲਰ, ਏ ਆਈ ਜੀ ਐਸ ਟੀ ਐਫ ਸ੍ਰੀ ਰਛਪਾਲ ਸਿੰਘ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਏ ਡੀ ਸੀ ਪੀ ਜੁਗਰਾਜ ਸਿੰਘ, ਏ ਡੀ ਸੀ ਪੀ ਸ੍ਰੀ ਸੰਦੀਪ ਮਲਿਕ, ਡਿਪਟੀ ਡਾਇਰੈਕਟਰ ਸ੍ਰੀ ਕਰਤਾਰ ਸਿੰਘ, ਜਿਲ੍ਹਾ ਖੇਡ ਅਫ਼ਸਰ ਸ: ਗੁਰਲਾਲ ਸਿੰਘ ਰਿਆੜ , ਸ੍ਰੀ ਅਸ਼ਵਨੀ ਪੱਪੂ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।