ਚੀਨ ਨੂੰ ਝਟਕਾ ਰੂਸ ਭੇਜਣ ਲੱਗਾ 33 ਜੰਗੀ ਜੈੱਟ

0
178

ਨਵੀਂ ਦਿੱਲੀ – ਆਵਾਜ਼ ਬਿਊਰੋ
ਲੱਦਾਖ ਮਾਮਲੇ ਨੂੰ ਲੈ ਕੇ ਚੀਨ ਨਾਲ ਤਣਾਅ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇੱਕ ਹੋਰ ਵੱਡੇ ਸਹਿਯੋਗੀ ਦੇਸ਼ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਨ ਨਾਲ ਫੋਨ ’ਤੇ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਵੱਲੋਂ ਪੂਤਿਨ ਨਾਲ ਗੱਲਬਾਤ ਕਰਨ ਦੇ ਕੁੱਝ ਸਮੇਂ ਬਾਅਦ ਹੀ ਦੋਵਾਂ ਦੇਸ਼ਾਂ ਵਿਚਾਲੇ ਇੱਕ ਵੱਡੇ ਰੱਖਿਆ ਸੌਦੇ ਉੱਪਰ ਦਸਤਖਤ ਕਰ ਦਿੱਤੇ ਗਏ। ਰੱਖਿਆ ਮੰਤਰਾਲੇ ਨੇ ਇਸ ਸਮਝੌਤੇ ਉਪਰੰਤ ਦੱਸਿਆ ਕਿ ਰੂਸ ਤੋਂ 33 ਫਾਈਟਰ ਜੈੱਟ ਖਰੀਦੇ ਜਾਣਗੇ। ਇਸ ਲਈ 18 ਹਜਾਰ 148 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿੱਚੋਂ ਭਾਰਤ ਆਪਣੇ ਦੋਸਤ ਰੂਸ ਤੋਂ ਸੁਖੋਈ-30 ਅਤੇ ਮਿਗ-29 ਜਹਾਜ ਖਰੀਦੇਗਾ। ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਦਿਆਂ ਰੂਸੀ ਰਾਸ਼ਟਰਪਤੀ ਪੂਤਿਨ ਨੇ ਕਿਹਾ ਕਿ ਭਾਰਤ ਨਾਲ ਰੂਸ ਪੁਰਾਤਨ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਾਂਝਾਂ ਨੂੰ ਹੋਰ ਮਜਬੂਤ ਕਰੇਗਾ ਅਤੇ ਹਰ ਸੰਕਟ ਵਿੱਚ ਭਾਰਤ ਦੇ ਮੱਦਦਗਾਰ ਦੇ ਰੂਪ ਵਿੱਚ ਨਾਲ ਖੜੇਗਾ। ਰੂਸ ਤੋਂ ਨਵੇਂ 33 ਫਾਈਟਰ ਜੈੱਟ ਖਰੀਦਣ ਦੇ ਨਾਲ-ਨਾਲ ਭਾਰਤ ਆਪਣੇ ਕੋਲ ਪਹਿਲਾਂ ਤੋਂ ਮੌਜੂਦ 59 ਮਿਗ-29 ਨੂੰ ਵੀ ਅਪਗਰੇਡ ਕਰਵਾਏਗਾ। ਇਸ ਪ੍ਰਾਜੈਕਟ ਦੀ ਕੁਲ ਲਾਗਤ 18,148 ਕਰੋੜ ਰੁਪਏ ਦੱਸੀ ਗਈ ਹੈ।