3 ਕਿਲੋ 200 ਗਰਾਮ ਹੈਰੋਇਨ ਤੇ 40 ਲੱਖ ਰੁਪਏ ਤੋਂ ਵੱਧ ਡਰੱਗ ਮਨੀ ਸਮੇਤ 6 ਸਮਗਲਰ ਫੜੇ : ਨਵਜੋਤ ਸਿੰਘ ਮਾਹਲ

1 / 1

1.

ਹੁਸ਼ਿਆਰਪੁਰ  ਇੰਦਰਜੀਤ ਸਿੰਘ ਹੀਰਾ
ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਆਈ.ਜੀ. ਜਲੰਧਰ ਰੇਂਜ ਕੋਸ਼ਤਭ ਸ਼ਰਮਾ ਦੇ ਨਿਰਦੇਸ਼ਾਂ ’ਤੇ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਸ਼ਿਆਰਪੁਰ ਪੁਲਿਸ ਨੇ ਇਕ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦਿਆਂ ਅੰਤਰ ਰਾਸ਼ਟਰੀ ਡਰੱਗ ਅਤੇ ਹਵਾਲਾ ਰੈਕਟ ਦਾ ਪਰਦਾਫਾਸ਼ ਕਰਦਿਆਂ 20 ਕਿਲੋ 700 ਗਰਾਮ ਹੈਰੋਇਨ ਅਤੇ 40 ਲੱਖ 12 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਨਸ਼ਿਆਂ ਦੇ ਧੰਦੇ ’ਚ ਸ਼ਾਮਲ 6 ਵਿਅਕਤੀਆਂ ਨੂੰ ਦਿੱਲੀ, ਉਤਰ ਪ੍ਰਦੇਸ਼ ਅਤੇ ਜੰਡਿਆਲਾ ਗੁਰੂ ਤੋਂ ਕਾਬੂ ਕੀਤਾ। ਇਸ ਕਾਰਵਾਈ ਨਾਲ ਅੰਤਰ-ਰਾਸ਼ਟਰੀ ਡਰੱਗ ਰੈਕਟ ਦੇ ਨਾਲ-ਨਾਲ ਜ਼ਿਲ੍ਹਾ ਪੁਲਿਸ ਨੇ ਅੰਤਰਰਾਜ਼ੀ ਨਸ਼ਿਆਂ ਦੀ ਸਪਲਾਈ ਚੇਨ ਦਾ ਲੱਕ ਤੋੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਐਸ.ਐਸ.ਪੀ. ਹੁਸ਼ਿਆਰਪੁਰ ਨਵਜੋਤ ਸਿੰਘ ਮਾਹਲ ਨੇ ਅੱਜ ਸਥਾਨਕ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਵੱਡੀ ਕਾਰਵਾਈ ਸਬੰਧੀ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਬੀਤੇ ਦਿਨੀਂ ਦਿੱਲੀ ਤੋਂ 4 ਅਫਗਾਨੀ ਨਾਗਰਿਕਾਂ ਨੂੰ 17 ਕਿਲੋ ਹੈਰੋਇਨ ਅਤੇ ਹੈਰੋਇਨ ਬਨਾਉਣ ਵਾਲੇ ਸਮਾਨ ਤੇ ਕੈਮੀਕਲ ਸਮੇਤ ਕਾਬੂ ਕੀਤਾ ਗਿਆ ਸੀ ਜਿਸ ਉਪਰੰਤ ਡੂੰਘਾਈ ਨਾਲ ਜਾਂਚ ਨੂੰ ਵਧਾਉਂਦਿਆਂ ਇਸ ਧੰਦੇ ਵਿਚ ਸ਼ਾਮਲ 6 ਵਿਅਕਤੀਆਂ ਨੂੰ 3 ਕਿਲੋ 200 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਵਲੋਂ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖਤ ਕਿਸ਼ਨ ਲਾਲ ਪੁੱਤਰ ਮੋਡਾ ਜੀ ਪ੍ਰਜਾਪਤੀ ਵਾਸੀ ਉਚਾ ਗਾਸੀ ਰਾਮ, ਚਾਂਦਨੀ ਚੌਕ ਥਾਣਾ ਲਾਹੌਰੀ ਗੇਟ ਦਿੱਲੀ, ਅਭੈ ਪ੍ਰਤਾਪ ਸਿੰਘ ਪੁੱਤਰ ਦਸ਼ਰਥ ਸਿੰਘ ਵਾਸੀ ਬਾਗਵਾਲੀ ਕਲੋਨੀ ਸ਼ਾਸਤਰੀ ਨਗਰ ਥਾਣਾ ਕਵੀ ਨਗਰ ਗਾਜੀਆਬਾਦ, ਇਮਤਿਆਜ਼ ਅਹਿਮਦ ਪੁੱਤਰ ਮੁਮਤਾਜ ਅਹਿਮਦ ਵਾਸੀ ਰਾਮਪੁਰ ਉਤਰ ਪ੍ਰਦੇਸ਼, ਇਮਰਾਨ ਪੁੱਤਰ ਅਲੀ ਅਹਿਮਦ ਵਾਸੀ ਰਾਮ ਪੁਰ, ਜਸਵੀਰ ਸਿੰਘ ਪੁੱਤਰ ਪ੍ਰਕਾਸ਼ ਵਾਸੀ ਸ਼ੇਖੂਪੁਰ ਮੁਹੱਲਾ ਜੰਡਿਆਲਾ ਗੁਰੂ ਅਤੇ ਬਲਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ। ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ, ਐਸ.ਪੀ. ਪੀ.ਬੀ.ਆਈ. ਮਨਦੀਪ ਸਿੰਘ, ਏ.ਐਸ.ਪੀ. ਗੜ੍ਹਸ਼ੰਕਰ ਤੁਸ਼ਾਰ ਗੁਪਤਾ ਅਤੇ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਿਚ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਲੋਂ ਦਿੱਲੀ ਅਤੇ ਉਤਰ ਪ੍ਰਦੇਸ਼ ਜਾ ਕੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕ ਟੀਮ ਵਲੋਂ ਦਿੱਲੀ ਵਿਖੇ 5 ਜੁਲਾਈ ਨੂੰ ਕਿਸ਼ਨ ਲਾਲ ਨੂੰ ਗਿ੍ਰਫਤਾਰ ਕੀਤਾ ਗਿਆ ਜਿਸ ਪਾਸੋਂ 10 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਅਭੈ ਪ੍ਰਤਾਪ ਸਿੰਘ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਦੋਸ਼ੀ ਅਭੈ ਨੇ 1 ਜੁਲਾਈ 2021 ਨੂੰ ਕਿ੍ਰਸ਼ਨ ਕੁਮਾਰ ਦੇ ਕਹਿਣ ਤੇ ਇਮਤਿਆਜ਼ ਕੋਲੋਂ 80 ਲੱਖ ਰੁਪਏ ਦੀ ਡਰੱਗ ਮਨੀ ਲਈ ਸੀ ਅਤੇ ਜੋ ਅੱਗੇ ਅਭੈ ਨੇ ਕਿ੍ਰਸ਼ਨ ਕੁਮਾਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ 80 ਲੱਖ ਰੁਪਏ ਵਿਚੋਂ ਕਿ੍ਰਸ਼ਨ ਕੁਮਾਰ ਪਾਸੋਂ 10 ਲੱਖ 20 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ।