21 ਦੀ ਮੋਹਾਲੀ ਮਹਾਂ ਰੈਲੀ ਇਤਿਹਾਸਿਕ ਹੋਵੇਗੀ:ਹਾਂਡਾ

ਗੁਰੂਹਰਸਹਾਏ,17 ਜੁਲਾਈ (ਰਜਿੰਦਰ ਕੰਬੋਜ)- ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਸਮੁੱਚੇ ਪੰਜਾਬ ਵਿੱਚ ਅਧਿਆਪਕ ਵਰਗ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦਾ ਅਧਿਆਪਕ ਵਰਗ ਆਪਣੇ ਹੱਕਾਂ ਲਈ ਹੁਣ ਆਰ-ਪਾਰ ਦੀ ਲੜਾਈ ਲੜਨ ਲਈ ਪੂਰੀ ਤਰ੍ਹਾਂ ਤਿਆਰ ਬੈਠਾ ਹੈ ਜਿਸ ਕਾਰਨ ਇਸ ਮਹੀਨੇ 21 ਤਰੀਕ ਨੂੰ ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਮੋਹਾਲੀ-ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਮਹਾਂ ਰੈਲੀ ਇਤਿਹਾਸਿਕ ਅਤੇ ਨਿਰਨਾਇਕ ਹੋਵੇਗੀ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਸੂਬਾਈ ਆਗੂ ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਵਰਗ ਨੂੰ ਪੰਜਾਬ ਸਰਕਾਰ ਦੇ ਪੇਅ ਕਮਿਸ਼ਨ ਤੋਂ ਵੱਡੀਆਂ ਆਸਾਂ ਸਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਨਾ-ਮਾਤਰ ਹੀ ਵਾਧਾ ਹੋ ਰਿਹਾ ਹੈ ਅਤੇ ਕਈ ਅਧਿਆਪਕ ਤਾਂ ਅਜਿਹੇ ਵੀ ਹਨ ਜਿੰਨਾਂ ਦੀ ਤਨਖਾਹ ਵਧਣ ਦੀ ਬਜਾਏ ਘੱਟ ਰਹੀ ਹੈ। ਹਰਜਿੰਦਰ ਹਾਂਡਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਛੇਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਦਿਆਂ ਪੰਜਾਬ ਦੇ ਮੁਲਾਜਮਾਂ ਦੇ ਕਈ ਤਰ੍ਹਾਂ ਦੇ ਭੱਤਿਆਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਸਰਕਾਰ ਪੇਅ ਕਮਿਸ਼ਨ ਦੀ ਆੜ ਹੇਠ ਪੰਜਾਬ ਦੇ ਮੁਲਾਜਮਾਂ ਦਾ ਪੈੰਡਿੰਗ ਮਹਿਗਾਈ ਭੱਤਾ ਨੱਪਣ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਮੁਲਾਜਮਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਮੁਲਾਜ਼ਮ ਵਿਰੋਧੀ ਛੇਵੇਂ ਪੇਅ ਕਮਿਸ਼ਨ ਵਿੱਚ ਤੁਰੰਤ ਮੁਲਾਜਮ ਪੱਖੀ ਸੋਧਾਂ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮੋਹਾਲੀ ਧਰਨੇ ਤੇ ਬੈਠੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।

1.