ਹਾਂਗਕਾਂਗ : ਪਾਬੰਦੀ ਦੇ ਬਾਵਜੂਦ ਮਾਸਕ ਪਾ ਕੇ ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀ

0
269

ਹਾਂਗਕਾਂਗ ਆਵਾਜ਼ ਬਿੳੂਰੋ
ਮੱਧ ਹਾਂਗਕਾਂਗ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀ ‘ਮਾਸਕ ਪਾਉਣਾ ਅਪਰਾਧ ਨਹੀਂ ਹੈ‘ ਦੇ ਨਾਅਰੇ ਵੀ ਲਗਾ ਰਹੇ ਸਨ। ਉੱਥੇ ਮਾਸਕ ਪਾ ਕੇ ਪ੍ਰਦਰਸ਼ਨ ਕਰਨ ‘ਤੇ ਲੱਗੀਆਂ ਪਾਬੰਦੀਆਂ ਨੂੰ ਹਟਾਉਣ ਤੋਂ ਅਦਾਲਤ ਨੇ ਦੂਜੀ ਵਾਰ ਇਨਕਾਰ ਕਰ ਦਿੱਤਾ। ਚਿਹਰਾ ਢੱਕ ਕੇ ਪ੍ਰਦਰਸ਼ਨ ਕਰਨ ‘ਤੇ ਪਾਬੰਦੀ ਸ਼ਨੀਵਾਰ ਤੋਂ ਪ੍ਰਭਾਵੀ ਹੋ ਗਈ ਸੀ ਜਿਸ ਮਗਰੋਂ 2 ਦਿਨ ਤੋਂ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚ ਝੜਪਾਂ ਵੱਧ ਗੀਆਂ ਹਨ। ਸ਼ੁੱਕਰਵਾਰ ਰਾਤ ਇਕ ਪੁਲਸ ਕਰਮੀ ਨੇ ਆਤਮ ਰੱਖਿਆ ਵਿਚ ਇਕ ਨੌਜਵਾਨ ਪ੍ਰਦਰਸ਼ਨਕਾਰੀ ਦੇ ਪੱਟ ‘ਤੇ ਗੋਲੀ ਮਾਰ ਦਿੱਤੀ। ਸਾਂਸਦ ਡੇਨਿਕ ਕਵੋਕ ਨੇ ਕਿਹਾ ਕਿ ਹਾਈ ਕੋਰਟ ਨੇ ਮਾਸਕ ‘ਤੇ ਪਾਬੰਦੀ ਹਟਾਉਣ ਤੋਂ ਇਨਕਾਰ ਕਰ ਦਿੱਤਾ ਪਰ ਅਦਾਲਤ 24 ਸਾਂਸਦਾਂ ਦੀ ਉਸ ਪਟੀਸ਼ਨ ‘ਤੇ ਇਸ ਮਹੀਨੇ ਦੇ ਅਖੀਰ ਵਿਚ ਸੁਣਵਾਈ ਕਰੇਗੀ ਜਿਸ ਵਿਚ ਹਾਂਗਕਾਂਗ ਦੀ ਮੁੱਖ ਪ੍ਰਸ਼ਾਸਕ ਕੈਰੀ ਲਾਮ ਦੀ ਐਮਰਜੈਂਸੀ ਸ਼ਕਤੀਆਂ ਨੂੰ ਚੁਣੌਤੀ ਦਿੱਤੀ ਗਈ ਹੈ। ਅਸਲ ਵਿਚ ਇਨ੍ਹਾਂ ਸਾਂਸਦਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਸ਼ਕਤੀਆਂ ਨੂੰ ਗੈਰ ਕਾਨੂੰਨੀ ਐਲਾਨਿਆ ਜਾਣਾ ਚਾਹੀਦਾ ਹੈ ਕਿਉਂਕਿ ਇਹ ਸ਼ਹਿਰ ਦੀ ਵਿਧਾਇਕਾ ਨੂੰ ਨਜ਼ਰ ਅੰਦਾਜ਼ ਕਰਦੀਆਂ ਹਨ। ਐਤਵਾਰ ਨੂੰ ਸ਼ਹਿਰ ਦੇ ਕਈ ਸਬਵੇਅ ਰੇਲਵੇ ਸਟੇਸ਼ਨ ਖੁੱਲ੍ਹੇ ਪਰ ਕਈ ਮਾਲ ਬੰਦ ਰਹੇ ਕਿਉਂਕਿ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ‘ਤੇ ਉੱਤਰ ਆਏ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਨੇ ਪਾਬੰਦੀਆਂ ਦੇ ਬਾਵਜੂਦ ਮਾਸਕ ਪਹਿਨੇ ਹੋਏ ਸਨ।