ਹਾਂਗਕਾਂਗ ’ਚ ਹਿੰਸਾ ਅਤੇ ਟਕਰਾਅ

0
260

ਹਾਂਗਕਾਂਗ ਆਵਾਜ਼ ਬਿੳੂਰੋ
ਹਾਂਗਕਾਂਗ ‘ਚ ਪੂਰਾ ਦਿਨ ਮੁਜ਼ਾਹਰਾਕਾਰੀਆਂ ਤੇ ਪੁਲਿਸ ਦਰਮਿਆਨ ਹਿੰਸਕ ਟਕਰਾਅ ਹੁੰਦਾ ਰਿਹਾ। ਕਈ ਥਾਵਾਂ ‘ਤੇ ਭੜਕੇ ਵਿਰੋਧ ਮੁਜ਼ਾਹਰਿਆਂ ਨੂੰ ਜਦੋਂ ਪੁਲਿਸ ਨੇ ਪਾਣੀ ਦੀ ਬੁਛਾੜ, ਰਬੜ ਬੁਲੇਟ ਤੇ ਅੱਥਰੂ ਗੈਸ ਨਾਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਪੈਟਰੋਲ ਬੰਬਾਂ ਤੇ ਪੱਥਰਾਂ ਨਾਲ ਜਵਾਬ ਦਿੱਤਾ ਗਿਆ। ਕਈ ਸਥਾਨਾਂ ‘ਤੇ ਮੁਜ਼ਾਹਰਾਕਾਰੀਆਂ ਦੇ ਸੜਕਾਂ ‘ਤੇ ਆਉਣ ਨਾਲ ਪੁਲਿਸ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁਜ਼ਾਹਰਾਕਾਰੀਆਂ ਨੂੰ ਕਾਬੂ ਕਰਨ ਲਈ ਅਧਿਕਾਰੀ ਇਕ ਸਥਾਨ ਤੋਂ ਦੂਜੇ ਸਥਾਨ ‘ਤੇ ਦਿਨ ਭਰ ਭੱਜਦੇ ਰਹੇ। ਹਾਂਗਕਾਂਗ ‘ਚ ਐਤਵਾਰ ਨੂੰ ਪੁਲਿਸ ਤੇ ਪ੍ਰਸ਼ਾਸਨ ਲਈ ਕਾਫ਼ੀ ਮੁਸ਼ਕਲ ਦਾ ਦਿਨ ਰਿਹਾ। ਕਾਜ਼ਵੇ ਬੇ ਸ਼ਾਪਿੰਗ ਡਿਸਟਿ੍ਕਟ, ਵਾਨ ਚਾਈ ਬਾਰ ਏਰੀਆ ਤੇ ਐਡਮਿਰੇਲਟੀ ਡਿਸਟਿ੍ਕਟ ਦੇ ਆਫਿਸ ਏਰੀਆ ‘ਚ ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਕਾਰ ਦਿਨ ਭਰ ਲੁਕਣਮੀਚੀ ਹੁੰਦੀ ਰਹੀ। ਸ਼ਾਂਤਮਈ ਜਨ ਸਭਾ ਤੋਂ ਬਾਅਦ ਨੌਜਵਾਨ ਜਦੋਂ ਸੜਕ ‘ਤੇ ਆਏ ਤਾਂ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਇਸ ਤੋਂ ਬਾਅਦ ਤਾਂ ਹਿੰਸਕ ਟਕਰਾਅ ਇਨ੍ਹਾਂ ਤਿੰਨਾਂ ਇਲਾਕਿਆਂ ਤਕ ਫੈਲ ਗਿਆ। ਇਨ੍ਹਾਂ ਟਕਰਾਵਾਂ ‘ਚ ਦਰਜਨਾਂ ਲੋਕ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਚੀਨ ਗਣਰਾਜ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਇਕ ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਵਰ੍ਹੇਗੰਢ ਨੂੰ ਚੀਨ ਨੇ ਕਾਫ਼ੀ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀ ਯੋਜਨਾ ਬਣਾਈ ਹੈ ਪਰ ਪਤਾ ਲੱਗਾ ਹੈ ਕਿ ਲੋਕਤੰਤਰ ਦੀ ਮੰਗ ਕਰ ਰਹੇ ਅੰਦੋਲਨਕਾਰੀ ਇਨ੍ਹਾਂ ਪ੍ਰਰੋਗਰਾਮਾਂ ਦਾ ਰੰਗ ਫਿੱਕਾ ਕਰਨ ‘ਤੇ ਤੁਲੇ ਹੋਏ ਹਨ। ਅੰਦੋਲਨਕਾਰੀਆਂ ਦੀ ਮੰਸ਼ਾ ਵੇਖਦਿਆਂ ਹਾਂਗਕਾਂਗ ‘ਚ ਕਈ ਸਮਾਗਮ ਰੱਦ ਵੀ ਕਰ ਦਿੱਤੇ ਗਏ ਹਨ। ਮੁਜ਼ਾਹਰਿਆਂ ‘ਚ ਸ਼ਾਮਲ ਜ਼ਿਆਦਾਤਰ ਨੌਜਵਾਨਾਂ ਨੇ ਕਾਲੇ ਕੱਪੜੇ ਪਾਏ ਤੇ ਕਾਲੇ ਮਾਸਕ ਲਗਾਏ ਹੋਏ ਸਨ। ਇਨ੍ਹਾਂ ਨੇ ਛਤਰੀਆਂ ਵੀ ਫੜੀਆਂ ਸਨ। ਇਸ ਕਾਰਨ ਉਨ੍ਹਾਂ ‘ਤੇ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦਾ ਅਸਰ ਘੱਟ ਹੋ ਰਿਹਾ ਸੀ। ਕਈ ਮੁਜ਼ਾਹਰਾਕਾਰੀਆਂ ਨੇ ਤਾਂ ਪੁਲਿਸ ਦੇ ਚਲਾਏ ਅੱਥਰੂ ਗੈਸ ਦੇ ਗੋਲ਼ੇ ਚੁੱਕ ਕੇ ਵਾਪਸ ਪੁਲਿਸ ਵੱਲ ਸੁੱਟ ਦਿੱਤੇ। ਮੁਜ਼ਾਹਰਾਕਾਰੀਆਂ ਨੇ ਇਸ ਦੌਰਾਨ ਕਾਫ਼ੀ ਭੰਨਤੋੜ ਵੀ ਕੀਤੀ। ਭੰਨਤੋੜ ਨਾਲ ਪੈਦਾ ਕਬਾੜ ਦੀ ਵਰਤੋਂ ਮੁਜ਼ਾਹਰਾਕਾਰੀਆਂ ਨੇ ਪੁਲਿਸ ‘ਤੇ ਹਮਲੇ ਲਈ ਕੀਤੀ। ਸੜਕ ਕਿਨਾਰੇ ਦੇ ਮਕਾਨਾਂ ਤੇ ਸਰਕਾਰੀ ਜਾਇਦਾਦਾਂ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਇਆ ਗਿਆ ਹੈ।