ਸੁਪਰੀਮ ਕੋਰਟ ਵੱਲੋਂ ਨਿਰਭਯਾ ਕਾਂਡ ਦੇ ਦੋਸ਼ੀ ਅਕਸ਼ੈ ਦੀ ਪਟੀਸ਼ਨ ਰੱਦ, ਫਾਂਸੀ ਦੀ ਸਜ਼ਾ ਬਰਕਰਾਰ

0
255

ਨਵੀਂ ਦਿੱਲੀ ਆਵਾਜ ਬਿੳੂਰੋ
ਸੁਪਰੀਮ ਕੋਰਟ ਵੱਲੋਂ ਨਿਰਭਯਾ ਕਾਂਡ ਦੇ ਦੋਸ਼ੀ ਅਕਸ਼ੈ ਦੀ ਫਾਂਸੀ ਸਬੰਧੀ ਪਟੀਸ਼ਨ ਰੱਦ ਕਰਨ ਦੇਣ ਤੋਂ ਬਾਅਦ ਪਟਿਆਲਾ ਹਾੳੂਸ ਕੋਰਟ ਨੇ ਡੈਥ ਵਾਰੰਟ ਸਬੰਧੀ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਦੋਸ਼ੀਆਂ ਤੋਂ ਇਹ ਪੁੱਛਣ ਲਈ ਇੱਕ ਹਫਤੇ ਦਾ ਸਮਾਂ ਦਿੱਤਾ ਹੈ ਕਿ ਉਹ ਚਾਰੇ ਰਹਿਮ ਦੀਆਂ ਅਪੀਲਾਂ ਦਾਖਲ ਕਰਨਾ ਚਾਹੁੰਦੇ ਹਨ ਜਾਂ ਨਹੀਂ? ਕੋਰਟ ਨੇ ਇਸ ਲਈ ਅਗਲੀ ਸੁਣਵਾਈ 7 ਜਨਵਰੀ ਦੀ ਤੈਅ ਕੀਤੀ ਹੈ। ਪਟਿਆਲਾ ਹਾੳੂਸ ਕੋਰਟ ਦੇ ਇਸ ਫੈਸਲੇ ਨਾਲ ਨਿਰਭਯਾ ਦੀ ਮਾਂ ਆਸ਼ਾ ਦੇਵੀ ਤੜਫ ਉੱਠੀ। ਉਸ ਨੇ ਅਦਾਲਤ ਦੇ ਫੈਸਲੇ ਸਬੰਧੀ ਕਿਹਾ ਕਿ ਇਨ੍ਹਾਂ ਨੂੰ ਦੋਸ਼ੀਆਂ ਦੇ ਅਧਿਕਾਰਾਂ ਦੀ ਫਿਕਰ ਹੈ। ਜੋ ਲੋਕ ਇਨ੍ਹਾਂ ਦੇ ਜ਼ੁਲਮ ਜਬਰ ਕਾਰਨ ਤੜਫ ਰਹੇ ਹਨ, ਉਨ੍ਹਾਂ ਦੇ ਅਧਿਕਾਰਾਂ ਦੀ ਫਿਕਰ ਨਹੀਂ। ਆਸ਼ਾ ਦੇਵੀ ਨੇ ਅੱਗੇ ਕਿਹਾ ਕਿ 7 ਜਨਵਰੀ ਨੂੰ ਵੀ ਇਨ੍ਹਾਂ ਨੂੰ ਫਾਂਸੀ ’ਤੇ ਲਟਕਾਉਣ ਲਈ ਕੋਈ ਫੈਸਲਾ ਹੋ ਜਾਵੇਗਾ। ਇਸ ਦੀ ਕੋਈ ਗਰੰਟੀ ਨਹੀਂ ਹੈ। ਦੂਸਰੇ ਪਾਸੇ ਅਕਸ਼ੇ ਦੇ ਵਕੀਲ ਏ.ਪੀ. ਸਿੰਘ ਨੇ ਕਿਹਾ ਹੈ ਕਿ ਅਸੀਂ ਅੱਜ ਜਾਂ ਕੱਲ੍ਹ ਕਿਉਰੇਟਿਵ ਪਟੀਸ਼ਨ ਲਗਾਵਾਂਗੇ ਅਤੇ ਇਸ ਤੋਂ ਬਾਅਦ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਵੀ ਭੇਜਾਂਗੇ। ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਵਕੀਲ ਦੋਸ਼ੀਆਂ ਨਾਲ ਮਿਲ ਕੇ ਨਿੱਤ ਨਵੇਂ ਅੜਿੱਕੇ ਖੜ੍ਹੇ ਕਰਕੇ ਉਨ੍ਹਾਂ ਨੂੰ ਸਜਾਵਾਂ ਤੋਂ ਬਚਾਅ ਰਹੇ ਹਨ ਅਤੇ ਅਦਾਲਤਾਂ ਸਖਤ ਫੈਸਲਾ ਦੇਣ ਦੀ ਥਾਂ ਇਨ੍ਹਾਂ ਨੂੰ ਰਾਹਤ ਦੇ ਕੇ ਪੀੜ੍ਹਤਾਂ ਦੇ ਜ਼ਖਮਾਂ ਉੱਪਰ ਲੂਣ ਛਿੜਕ ਰਹੀਆਂ ਹਨ। ਨਿਰਭਯਾ ਦੀ ਮਾਂ ਆਸ਼ਾ ਦੇਵੀ ਵੱਲੋਂ ਉਸ ਦੀ ਧੀ ਦੇ ਕਾਤਲਾਂ ਨੂੰ ਅਦਾਲਤਾਂ ਵੱਲੋਂ ਬਾਰ-ਬਾਰ ਰਾਹਤ ਦਿੱਤੇ ਜਾਣ ਦਾ ਵਿਰੋਧ ਕੀਤੇ ਜਾਣ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਆਸ਼ਾ ਦੇਵੀ ਨੂੰ ਕਿਹਾ ਕਿ ਸਾਡੀ ਹਮਦਰਦੀ ਪੂਰੀ ਤਰ੍ਹਾਂ ਤੁਹਾਡੇ ਨਾਲ ਹੈ। ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੇ ਪਰਿਵਾਰ ਦਾ ਇੱਕ ਜੀਅ ਗੰਵਾਇਆ ਹੈ ਅਤੇ ਭਾਰੀ ਮਾਨਸਿਕ ਅਤੇ ਸਰੀਰਕ ਤਸ਼ੱਦਦ ਵੀ ਝੱਲਿਆ ਹੈ। ਜੱਜ ਨੇ ਕਿਹਾ ਕਿ ਜੋ ਦੋਸ਼ੀ ਹਨ, ਸੰਵਿਧਾਨ ਮੁਤਾਬਕ ਉਨ੍ਹਾਂ ਦੇ ਵੀ ਕੁੱਝ ਹੱਕ ਹਨ। ਅਸੀਂ ਤੁਹਾਡੀ ਗੱਲ ਸੁਣਨ ਲਈ ਹੀ ਬੈਠੇ ਹਾਂ, ਪਰ ਸਾਡੇ ਹੱਥ ਕਾਨੂੰਨ ਨਾਲ ਬੰਨੇ੍ਹ ਹੋਏ ਹਨ। ਇਸ ਤੋਂ ਪਹਿਲਾਂ ਆਸ਼ਾ ਦੇਵੀ ਨੇ ਸੁਪਰੀਮ ਕੋਰਟ ਵੱਲੋਂ ਇੱਕ ਦੋਸ਼ੀ ਅਕਸ਼ੈ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖਣ ਨੂੰ ਲੈ ਕੇ ਖੁਸ਼ੀ ਜ਼ਾਹਰ ਕੀਤੀ ਸੀ।