ਸਿੱਖਿਆ ਮੰਤਰੀ ਤੋਂ ਰੁਜ਼ਗਾਰ ਦੀ ਲੋਹੜੀ ਮੰਗਣ ਲਈ

0
295

ਵੱਡੀ ਗਿਣਤੀ ’ਚ ਜੁੜੇ ਬੇਰੁਜ਼ਗਾਰ ਅਧਿਆਪਕ
ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦੇ ਨਾਲ-ਨਾਲ ਸੰਗਰੂਰ-ਲੁਧਿਆਣਾ ਮਾਰਗ ਵੀ ਕੀਤਾ ਜਾਮ
ਕੈਬਨਿਟ-ਮੀਟਿੰਗ ’ਚ ਅਧਿਆਪਕ ਭਰਤੀ ਦਾ ਮਤਾ ਨਾ ਆਉਣ ’ਤੇ 26 ਨੂੰ ਗੁਪਤ-ਐਕਸ਼ਨ ਦੀ ਚਿਤਾਵਨੀ
ਸੰਗਰੂਰ – ਕਿ੍ਰਪਾਲ ਸਿੰਘ ਸੰਧੇ
ਪਿਛਲੇ ਚਾਰ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਸ਼ਹਿਰ ਸੰਗਰੂਰ ਵਿਖੇ ਪੱਕਾ-ਮੋਰਚਾ ਲਾ ਕੇ ਬੈਠੇ ਟੈੱਟ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ ਵੱਲੋਂ ਵੱਡੀ ਗਿਣਤੀ ‘ਚ ਮੰਤਰੀ ਦੀ ਕੋਠੀ ਅੱਗੇ ਵੱਡਾ ਇਕੱਠ ਕਰਕੇ ‘ਰੁਜ਼ਗਾਰ ਦੀ ਲੋਹੜੀ‘ ਮੰਗੀ ਗਈ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਡਟਵਾਂ ਰੋਸ਼-ਮੁਜ਼ਾਹਰਾ ਕੀਤਾ। ਕਰੀਬ ਦੋ ਘੰਟੇ ਮੰਤਰੀ ਦੀ ਕੋਠੀ ਅੱਗੇ ਮੁਜ਼ਾਹਰਾ ਕਰਨ ਤੋਂ ਬਾਅਦ ਇੱਕ ਘੰਟੇ ਲਈ ਸੰਗਰੂਰ-ਲੁਧਿਆਣਾ ਮੁੱਖ-ਮਾਰਗ ਜਾਮ ਕਰ ਦਿੱਤਾ ਗਿਆ। ਜਿਸ ਉਪਰੰਤ ਐਸਡੀਐੱਮ ਸੰਗਰੂਰ ਬਬਨਜੀਤ ਸਿੰਘ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਹੋਈ ਗੱਲਬਾਤ ਕਰਕੇ ਐਲਾਨ ਕੀਤਾ ਕਿ 14 ਜਨਵਰੀ ਦੀ ਕੈਬਨਿਟ ਮੀਟਿੰਗ ‘ਚ ਅਧਿਆਪਕ ਭਰਤੀ ਦਾ ਏਜੰਡਾ ਆਵੇਗਾ ਅਤੇ ਸਿੱਖਿਆ ਮੰਤਰੀ ਨਾਲ 18 ਜਨਵਰੀ ਨੂੰ ਪੈੱਨਲ ਮੀਟਿੰਗ ਤੈਅ ਕਰਵਾਈ ਗਈ। ਬੇਰੁਜ਼ਗਾਰ ਅਧਿਆਪਕਾਂ ਨੇ ਐਲਾਨ ਕੀਤਾ ਕਿ ਜੇਕਰ 14 ਜਨਵਰੀ ਨੂੰ ਕੈਬਨਿਟ-ਮੀਟਿੰਗ ਦੌਰਾਨ ਯੂਨੀਅਨ ਦੀਆਂ ਮੰਗਾਂ ਅਨੁਸਾਰ ਨਵੀਂ-ਭਰਤੀ ਦਾ ਏਜੰਡਾ ਨਾ ਪਾਸ ਕੀਤਾ ਗਿਆ ਤਾਂ 26 ਜਨਵਰੀ ਨੂੰ ‘ਗੁਪਤ-ਐਕਸ਼ਨ‘ ਕੀਤਾ ਜਾਵੇਗਾ। ਇਸਤੋਂ ਇਲਾਵਾ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਨੂੰ ਮਾਨਸਾ ਵਿਖੇ 28 ਜਨਵਰੀ ਨੂੰ ਦੌਰੇ ‘ਤੇ ਘੇਰਿਆ ਜਾਵੇਗਾ। ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨਾਂ ਦੇ ਆਗੂਆਂ ਦੀਪਕ ਕੰਬੋਜ਼, ਸੁਖਵਿੰਦਰ ਢਿੱਲਵਾਂ, ਸੰਦੀਪ ਸਾਮਾ, ਗੁਰਜੀਤ ਕੌਰ ਖੇੜੀ, ਦੀਪ ਬਨਾਰਸੀ, ਨਿੱਕਾ ਸਮਾਓਂ ਅਤੇ ਰਣਦੀਪ ਸੰਗਤਪੁਰਾ ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ 2500 ਅਧਿਆਪਕਾਂ ਦੀਆਂ ਅਸਾਮੀਆਂ ਕੱਢਣ ਬਾਰੇ ਬਿਆਨ ਦੇ ਕੇ ਮਜ਼ਾਕ ਕਰ ਰਹੇ ਹਨ, ਪੰਜਾਬ ਭਰ ‘ਚ ਖ਼ਾਲੀ ਕਰੀਬ 30 ਹਜ਼ਾਰ ਅਸਾਮੀਆਂ ਭਰੀਆਂ ਜਾਣ ਕਿਓਂਕਿ ਕਰੀਬ 65 ਹਜ਼ਾਰ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਉਮੀਦਵਾਰ ਬੇਰੁਜ਼ਗਾਰ ਹਨ। ਉਹਨਾਂ ਕਿਹਾ ਕਿ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਉਮੀਦਵਾਰਾਂ ਨੂੰ ਭਰਤੀ ਕਰਨ ਲਈ ਘੱਟੋ-ਘੱਟ 12 ਹਜ਼ਾਰ ਈਟੀਟੀ ਅਤੇ 15 ਹਜ਼ਾਰ ਬੀਐੱਡ ਅਸਾਮੀਆਂ ਦਾ ਇਸ਼ਤਿਹਾਰ ਤੁਰੰਤ ਜਾਰੀ ਕੀਤਾ ਜਾਵੇ, ਟੈੱਸਟ ਪਾਸ ਕਰਨ ਦੇ ਬਾਵਜੂਦ ਓਵਰਏਜ਼ ਹੋ ਰਹੇ ਉਮੀਦਵਾਰਾਂ ਲਈ ਉਮਰ ਸ਼ਰਤ 37 ਤੋਂ 42 ਸਾਲ ਕੀਤੀ ਜਾਵੇ , ਬੈਕਲਾਗ ਦੀਆਂ 161 ਈਟੀਟੀ ਤੇ ਬੈਕਲਾਗ ਐਸ. ਸੀ 595 ਦਾ ਹੱਲ ਅਤੇ ਬੀਐੱਡ ਦੀਆਂ 90 ਅਸਾਮੀਆਂ ਸਬੰਧੀ ਵੀ ਭਰਤੀ ਨਿਯਮਾਂ ‘ਚ ਸੋਧ ਕਰਕੇ ਨਿਯੁਕਤੀ ਹੋਵੇ, ਅਧਿਆਪਕ ਭਰਤੀ ਲਈ ਗ੍ਰੈਜੂਏਸ਼ਨ ‘ਚੋਂ ਪਹਿਲਾਂ ਲਾਜ਼ਮੀ ਕੀਤੇ 55 ਫੀਸਦੀ ਅੰਕਾਂ ਦੀ ਸ਼ਰਤ ਤੋਂ ਪੀੜਤ ਹੋਕੇ ਖ਼ੁਦਕੁਸ਼ੀ ਲਈ ਮਜ਼ਬੂਰ ਹੋਏ ਜਗਸੀਰ ਸਿੰਘ ਚੱਕ ਭਾਈਕਾ ਦੇ ਪਰਿਵਾਰ ਨੂੰ ਇੱਕ ਨੌਕਰੀ ਅਤੇ ਦਸ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ, 58 ਤੋਂ 60 ਦੋ ਸਾਲ ਦੀ ਐਕਸ਼ਟੈਨਸ਼ਨ ਤੇ ਚਲਦੇ ਮੁਲ਼ਾਜ਼ਮਾਂ ਨੂੰ ਤੁਰੰਤ ਸੇਵਾ-ਮੁਕਤ ਕਰਕੇ ਅਸਾਮੀਆਂ ਖਾਲੀ ਕੀਤੀਆਂ ਜਾਣ, ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਸਾਰੀਆਂ ਅਧਿਆਪਕ ਅਸਾਮੀਆਂ ਰੈਗੂਲਰ ਆਧਾਰ ਤੇ ਭਰਤੀ ਹੋਵੇ, ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕਰਨ, ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ, 50 ਤੋਂ ਘੱਟ ਗਿਣਤੀ ਵਾਲੇ ਪ੍ਰਾਇਮਰੀ ਸਕੂਲਾਂ ‘ਚ ਵੀ ਹੈੱਡ-ਮਾਸਟਰ ਦੀ ਅਸਾਮੀ ਬਰਕਰਾਰ ਰੱਖੀ ਜਾਵੇ, ਸੈਕੰਡਰੀ ਪੱਧਰ ਤੱਕ ਅਧਿਆਪਕ-ਵਿਦਿਆਰਥੀ ਅਨੁਪਾਤ 30:1 ਕਰਨ, ਪ੍ਰਾਇਮਰੀ ਆਧਿਆਪਕ ਵਿਦਿਆਰਥੀਆਂ ਅਨੁਪਾਤ 20:1 ਕਰਨ ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਿਕ 2500 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਇਹਨਾਂ ਮੰਗਾਂ ਦਾ ਹੱਲ ਹੋਣ ਉਪਰੰਤ ਹੀ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਲਾਇਆ ਪੱਕਾ-ਮੋਰਚਾ ਚੁੱਕਿਆ ਜਾਵੇਗਾ। ਰੋਸ-ਮੁਜ਼ਾਹਰੇ ਨੂੰ ਭਾਰਤੀ ਕਿਸਾਨ ਯੂਨੀਅਨ-ਉਗਰਾਹਾਂ ਦੇ ਗੁਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ-ਡਕੌਂਦਾ ਦੇ ਤਾਰਾ ਚੰਦ ਬਰੇਟਾ, ਪੰਜਾਬ ਕਿਸਾਨ ਯੂਨੀਅਨ ਦੇ ਊਧਮ ਸਿੰਘ ਸੰਤੋਖਪੁਰਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਕੁਲਦੀਪ ਸਿੰਘ, ਡੀਟੀਐੱਫ ਦੇ ਦਾਤਾ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ, ਜਮਹੂਰੀ ਅਧਿਕਾਰ ਸਭਾ ਦੇ ਮਨਧੀਰ ਸਿੰਘ, ਸਵਰਨਜੀਤ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸਤਨਾਮ, 6060 ਅਧਿਆਪਕ ਯੂਨੀਅਨ ਦੇ ਰਘਵੀਰ ਭਵਾਨੀਗੜ੍ਹ, ਪੰਜਾਬ ਸਟੂਡੈਂਟਸ ਵੈਲਫੇਅਰ ਐਸ਼ੋਸੀਏਸ਼ਨ ਦੇ ਕੁਲਵਿੰਦਰ ਨਦਾਮਪੁਰ, ਪੈਨਸ਼ਨਰਜ਼ ਐਸ਼ੋਸੀਏਸ਼ਨ ਦੇ ਦਸੌਂਧਾ ਸਿੰਘ ਸਮੇਤ ਦਰਜ਼ਨਾਂ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਪ੍ਰਤੀ ਇੱਕਜੁੱਟਤਾ ਪ੍ਰਗਟਾਈ।