ਸਿੰਮੀ ਸਪੋਰਟਸ ਕਲੱਬ ਦੇ ਹਰਸ਼ਦੀਪ ਸਿੰਘ ਨੂੰ ਵਿਧਾਇਕ ਨੇ ਕੀਤਾ ਸਨਮਾਨਤ    

0
277

ਖੰਨਾ  ਕੇ ਐਲ ਸਹਿਗਲ
ਇਥੇ ਸਿੰਮੀ ਸਪੋਰਟਸ ਕਲੱਬ ਵੱਲੋਂ ਕਰਵਾਏ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਲੱਬ ਦੇ ਅੰਤਰਰਾਸ਼ਟਰੀ ਕਰਾਟੇ ਮੁਕਾਬਲਿਆਂ ‘ਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਹਲਕਾ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਕਲੱਬ ਦੀ ਡਾਇਰੈਕਟਰ ਤੇ ਅੰਤਰਰਾਸ਼ਟਰੀ ਕਰਾਟੇ ਕੋਚ ਸਿੰਮੀ ਬੱਤਾ ਦੀ ਪ੍ਰਸੰਸਾ ਕਰਦਿਆਂ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਥਾਈਲੈਂਡ ਕਰਾਟੇ ਐਸੋਸ਼ੀਏਸ਼ਨ ਵੱਲੋਂ ਕਰਵਾਈ ਚੈਂਪੀਅਨਸ਼ਿਪ ਦੌਰਾਨ ਕਲੱਬ ਦੇ ਖਿਡਾਰੀ ਹਰਸ਼ਦੀਪ ਸਿੰਘ ਨੇ ਜੋ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਨੂੰ ਹਰਾ ਕੇ ਕਾਂਸੀ ਦਾ ਤਗਮਾ ਪੰਜਾਬ ਦੀ ਝੋਲੀ ਪਾਇਆ ਹੈ ਇਹ ਸਭ ਕੋਚ ਸਿੰਮੀ ਬੱਤਾ ਦੀ ਸਖਤ ਮਿਹਨਤ ਤੇ ਅਗਵਾਈ ਸਦਕਾ ਹੀ ਸੰਭਵ ਹੋਇਆ ਹੈ।  ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ ਵਿਚ ਵਾਧਾ ਕਰਦੀਆਂ ਹਨ । ਇਸ ਲਈ ਮਾਂ ਬਾਪ ਤੇ ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਖੇਡਾਂ ਲਈ ਵੀ ਪ੍ਰੇਰਿਤ ਕਰਨ। ਇਸ ਮੌਕੇ ਕਾਂਸਾ ਤਗਮਾ ਜੇਤੂ ਹਰਸ਼ਦੀਪ ਸਿੰਘ ਤੇ ਸ਼ਾਹੀਨ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸਨਮਾਨਤ ਕੀਤਾ ਗਿਆ ਤੇ ਕਰਾਟੇ ਦੀ ਉਚ ਪਾਏ ਦੀ ਟਰੇਨਿੰਗ ਦੇਣ ਲਈ ਕਰਾਟੇ ਕੋਚ ਤੇ ਡਾਇਰੈਕਟਰ ਸਿੰਮੀ ਬੱਤਾ ਤੇ ਜਰਨਲ ਸਕੱਤਰ ਪੁਜਾ ਗੋਇਲ ਨੂੰ ਭਵਿੱਖ ਵਿਚ ਇਸੇ ਤਰ੍ਹਾਂ ਬੱਚਿਆਂ ਨੂੰ ਹੋਰ ਮਿਹਨਤ ਕਰਵਾਉਣ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਪੰਜਾਬ ਕਾਂਗਰਸ ਸਕੱਤਰ ਰੁਪਿੰਦਰ ਸਿੰਘ ਰਾਜਾ ਗਿੱਲ, ਸਿਆਸੀ ਸਕੱਤਰ ਹਰਿੰਦਰ ਸਿੰਘ ਕਨੇਚ, ਬਲਾਕ ਪ੍ਰਧਾਨ ਜਤਿੰਦਰ ਪਾਠਕ, ਏ ਐਸ ਮੈਨੇਜਮੈਂਟ ਟ੍ਰਸਟ ਦੇ ਪ੍ਰਧਾਨ ਰਾਜੀਵ ਰਾਏ ਮਹਿਤਾ, ਕੌਂਸਲਰ ਵੇਦ ਪ੍ਰਕਾਸ਼, ਰਾਹੁਲ ਗਰਗ ਬਾਵਾ ਆਦਿ ਹਾਜ਼ਰ ਸਨ।