ਸਾਂਝਾ ਕਿਸਾਨ ਮੋਰਚਾ 189ਵੇਂ ਦਿਨ ’ਚ ਸ਼ਾਮਿਲ

0
62

ਬਰਨਾਲਾ ਕੁਲਵਿੰਦਰ ਸਿੰਘ ਬਿੱਟੂੁ
ਸੰਯੁਕਤ ਕਿਸਾਨ ਮੋਰਚੇ ਦੁਆਰਾ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ, ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਅਤੇ ਬਿਜਲੀ ਸੋਧ ਬਿੱਲ ਵਾਪਸ ਕਰਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦੇ ਅੱਜ 189 ਦਿਨ ਹੋ ਪੂਰੇ ਗਏ ਪਰ ਧਰਨਾਕਾਰੀਆਂ ਦਾ ਰੋਹ ਪਹਿਲੇ ਦੀ ਤਰ੍ਹਾਂ ਹੀ ਬਰਕਰਾਰ ਹੈ। ‘ ਲਾਈਫ ਆਨ ਸਟੇਜ‘ ਮੋਗਾ ਦੀ ਰੰਗਮੰਚ ਟੀਮ ਨੇ ਜਸ ਰਿਆਜ ਦੀ ਨਿਰਦੇਸ਼ਨਾ ਹੇਠ ‘ ਡਰਨਾ‘ ਨਾਂਅ ਦਾ ਨਾਟਕ ਪੇਸ਼ ਕੀਤਾ। ਨਾਟਕ ਰਾਹੀਂ ਕਲਾਕਾਰਾਂ ਨੇ ਸਾਰੀਆਂ ਵੋਟਾਂ ਵਟੋਰੂ ਸਿਆਸੀ ਪਾਰਟੀਆਂ ਦਾ ਕਿਸਾਨ ਅੰਦੋਲਨ ਪ੍ਰਤੀ ਨਕਲੀ ਹੇਜ ਨੰਗਾ ਕੀਤਾ। ਇਹ ਪਾਰਟੀਆਂ ਕਿਸਾਨ ਪ੍ਰੋਗਰਾਮਾਂ ਦੇ ਮੁਕਾਬਲੇ ਆਪਣੀਆਂ ਸਿਆਸੀ ਰੈਲੀਆਂ ਕਰ ਕੇ ਕਿਸਾਨ ਘੋਲ ਨੂੰ ਢਾਹ ਲਾ ਰਹੇ ਹਨ। ਸਾਨੂੰ ਇਨ੍ਹਾਂ ਦੀਆਂ ਚਾਲਾਂ ਤੋਂ ਚੌਕਸ ਹੋਣ ਦੀ ਜਰੂਰਤ ਹੈ।ਅੱਜ ਧਰਨੇ ਨੂੰ ਉਜਾਗਰ ਸਿੰਘ ਬੀਹਲਾ, ਗੁਰਦੇਵ ਸਿੰਘ ਮਾਂਗੇਵਾਲ, ਚਰਨਜੀਤ ਕੌਰ, ਨਰੈਣ ਦੱਤ,ਪ੍ਰੇਮਪਾਲ ਕੌਰ, ਗੋਰਾ ਸਿੰਘ ਢਿਲਵਾਂ, ਮਹਿਮਾ ਸਿੰਘ ਢਿਲਵਾਂ, ਬਾਬੂ ਸਿੰਘ ਖੁੱਡੀ, ਨਛੱਤਰ ਸਿੰਘ ਸਾਹੌਰ, ਹਰਚਰਨ ਚੰਨਾ, ਗੁਰਨਾਮ ਸਿੰਘ ਠੀਕਰੀਵਾਲਾ, ਖੁਸ਼ੀਆ ਸਿੰਘ ਤੇ ਮਨਜੀਤ ਰਾਜ ਨੇ ਸੰਬੋਧਨ ਕਰਦਿਆ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਸਿੱਧੀ ਅਦਾਇਗੀ ਦੇ ਨਾਂਅ ’ਤੇ ਕਿਸਾਨ ਘੋਲ ਨੂੰ ਢਾਹ ਲਾਉਣਾ ਚਾਹੁੰਦੀ ਹੈ। ਐਨ ਖਰੀਦ ਸੀਜਨ ਦੇ ਮੌਕੇ ‘ਤੇ ਅਜਿਹੀਆਂ ਚਾਲਾਂ ਰਾਹੀਂ ਕਿਸਾਨਾਂ ਤੇ ਆੜ੍ਹਤੀਆਂ ਦਰਮਿਆਨ ਬਖੇੜਾ ਪਾਉਣਾ ਚਾਹੁੰਦੀ ਹੈ ਤਾਂ ਜੁ ਇਨ੍ਹਾਂ ਦੀ ਏਕਤਾ ਤੋੜੀ ਜਾਵੇ। ਸਿਰਫ ਕੇਂਦਰ ਸਰਕਾਰ ਦੀ ਹੀ ਨਹੀਂ, ਇਸ ਪੱਖੋਂ ਪੰਜਾਬ ਸਰਕਾਰ ਦੀ ਨੀਅਤ ਵੀ ਸਾਫ ਨਹੀਂ ਹੈ। ਪੰਜਾਬ ਸਰਕਾਰ ਫਸਲ ਖਰੀਦ ਸਬੰਧੀ ਢੰਗ ਟਪਾਊ ਨੀਤੀ ਦਾ ਸਹਾਰਾ ਲੈ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸਪੱਸ਼ਟ ਸਟੈਂਡ ਨਹੀਂ ਲੈ ਰਹੀ। ਸਾਨੂੰ ਕੇਂਦਰ ਤੇ ਪੰਜਾਬ,ਦੋਵਾਂ ਸਰਕਾਰਾਂ ਵਿਰੁੱਧ ਸੰਘਰਸ਼ ਕਰਨਾ ਪੈਣਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਫਸਲ ਦੀ ਕਟਾਈ ਤੇ ਸੰਭਾਈ ਵੀ ਕਰਾਂਗੇ ਅਤੇ ਦਿੱਲੀ ਤੇ ਪੰਜਾਬ ਦੇ ਧਰਨਿਆਂ ਦਾ ਜੋਸ਼ ਵੀ ਮੱਠਾ ਨਹੀਂ ਪੈਣ ਦੇਵਾਂਗੇ। ਸਾਨੂੰ ਸਮਾਜ ਦੇ ਦੂਸਰੇ ਵਰਗਾਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਫਸਲ ਕਟਾਈ ਦੇ ਦਿਨਾਂ ਦੌਰਾਨ ਪੰਜਾਬ ਦੇ ਮੁਲਾਜ਼ਮ ਦਿੱਲੀ ਦੇ ਧਰਨਿਆਂ ਵਿੱਚ ਹਾਜਰੀ ਭਰਨਗੇ। ਸੰਯੁਕਤ ਕਿਸਾਨ ਮੋਰਚਾ ਘੋਲ ਨੂੰ ਅੱਗੇ ਵਧਾਉਣ ਲਈ ਲਗਾਤਾਰ ਨਵੇਂ ਨਵੇਂ ਪ੍ਰੋਗਰਾਮਾਂ ਦਾ ਸੱਦਾ ਦਿੰਦਾ ਆ ਰਿਹਾ ਹੈ ਅਤੇ ਇਨ੍ਹਾਂ ਸਭ ਪ੍ਰੋਗਰਾਮਾਂ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਅਪਰੈਲ ਮਹੀਨੇ ਲਈ ਕਈ ਪ੍ਰੋਗਰਾਮ ਉਲੀਕੇ ਗਏ ਹਨ। ਮਈ ਮਹੀਨੇ ਦੇ ਪਹਿਲੇ ਪੰਦਰਵਾੜੇ ਚ ਪਾਰਲੀਮੈਂਟ ਵੱਲ ਇਕ ਵਿਸ਼ਾਲ ਪੈਦਲ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਦਹਿ-ਲੱਖਾਂ ਲੋਕ ਸ਼ਾਮਲ ਹੋਣਗੇ। ਇਹ ਅੰਦੋਲਨ ਹੁਣ ਲੋਕ ਅੰਦੋਲਨ ਬਣ ਚੁੱਕਾ ਹੈ ਜਿਸ ਨੇ ਹਰ ਦਿਨ ਵਧੇਰੇ ਤੋਂ ਵਧੇਰੇ ਮਜਬੂਤ ਹੋਣਾ ਹੈ।