ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਬੱਚਿਆਂ ਤੋਂ ਚੁਕਵਾਈਆਂ ਜਾ ਰਹੀਆਂ ਹਨ ਇੱਟਾਂ, ਮਾਪੇ ਪ੍ਰੇਸ਼ਾਨ

0
245

ਧਨੌਲਾ ਸੁਖਚੈਨ ਧਨੌਲਾ
ਵੈਸੇ ਤਾਂ ਇਹ ਸਭ ਜਾਣਦੇ ਹੀ ਹਨ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੀ ਮੌਜੂਦਾ ਸਮੇਂ ਵਿੱਚ ਕੀ ਸਥਿਤੀ ਹੈ। ਬੱਚਿਆਂ ਦੀ ਲਗਾਤਾਰ ਗਿਣਤੀ ਘਟਣ ਕਾਰਨ ਸਰਕਾਰ ਸਰਕਾਰੀ ਸਕੂਲ ਲਗਾਤਾਰ ਬੰਦ ਕਰਨ ਦੇ ਰਾਹ ਤੁਰੀ ਹੋਈ ਹੈ। ਪਰ ਜਿੱਥੇ ਕਿਤੇ ਸਰਕਾਰੀ ਸਕੂਲ ਅੰਦਰ ਬੱਚੇ ਪੜ੍ਹਦੇ ਹਨ ਉੱਥੇ ਉਨ੍ਹਾਂ ਨੂੰ ਪੜ੍ਹਾਈ ਨਹੀਂ ਕਰਵਾਈ ਜਾਂਦੀ ਸਗੋਂ ਮਜ਼ਦੂਰਾਂ ਵਾਂਗ ਕੰਮ ਕਰਵਾਇਆ ਜਾਂਦਾ ਹੈ। ਇਸਦੀ ਤਾਜਾ ਮਿਸਾਲ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਦੇਖਣ ਨੂੰ ਮਿਲੀ ਜਿੱਥੇ ਅਧਿਆਪਕਾਂ ਵੱਲੋਂ ਇੱਥੇ ਪੜ੍ਹਦੇ ਵਿਦਿਆਰਥੀਆਂ ਤੋਂ ਇੱਟਾਂ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸੁਟਵਾਈਆਂ ਗਈਆਂ। ਜਿਸ ਦਾ ਬੱਚਿਆਂ ਦੇ ਮਾਪਿਆਂ ਨੇ ਨੋਟਿਸ ਲੈਂਦਿਆਂ ਨਾ ਨਾਮ ਨਾਲ ਛਪਣ ’ਤੇ ਪ੍ਰੈੱਸ ਨੂੰ ਜਾਣਕਾਰੀ ਦਿੱਤੀ। ਜਦ ਪੱਤਰਕਾਰਾਂ ਨੇ ਜਾ ਕੇ ਦੇਖਿਆ ਤਾਂ ਬੱਚੇ ਇੱਟਾਂ ਸੁੱਟ ਰਹੇ ਸਨ। ਜਿਸ ਬਾਰੇ ਪੁੱਛਣ ’ਤੇ ਉੱਥੇ ਹਾਜ਼ਰ ਅਧਿਆਪਕ ਨੇ ਕਿਹਾ ਕਿ ਖੇਤੀਬਾੜੀ ਦਾ ਪਿੱਛੇ ਦਾ ਪੀਰਡ ਹੈ ਤਾਂ ਇਹ ਕੰਮ ਬੱਚਿਆਂ ਤੋਂ ਕਰਵਾਇਆ ਜਾ ਰਿਹਾ ਹੈ, ਜਦਕਿ ਜੋ ਇੱਟਾਂ ਵਗੈਰਾ ਬੱਚੇ ਸੁੱਟ ਰਹੇ ਸਨ ਉਸਦਾ ਖੇਤੀਬਾੜੀ ਦੇ ਵਿਸ਼ੇ ਨਾਲ ਕੋਈ ਸਬੰਧ ਨਜ਼ਰ ਨਹੀਂ ਆ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਜਿੱਥੇ ਬੱਚਿਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਸੀ, ਉੱਥੇ ਹੀ ਬੱਚੇ ਬੈਠੇ ਪੇਪਰ ਦੇ ਰਹੇ ਸਨ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਨੇ ਪਹਿਲਾਂ ਤਾਂ ਇਹ ਕਹਿ ਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਕਿ ਇਹ ਕੰਮ ਸਫ਼ਾਈ ਅਭਿਆਨ ਤਹਿਤ ਕਰਵਾਇਆ ਜਾ ਰਿਹਾ ਹ।ੈ ਬਾਅਦ ਵਿੱਚ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੇਰੀ ਇਸ ਵਿਸ਼ੇ ’ਤੇ ਪਿ੍ਰੰਸੀਪਲ ਨਾਲ ਗੱਲ ਹੋ ਗਈ ਹੈ। ਮੈਂ ਕੱਲ੍ਹ ਸਕੂਲ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕਰਾਂਗਾ। ਜਦੋਂ ਸੂਬਾ ਸਿੱਖਿਆ ਮੰਤਰੀ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ।