ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਵੱਡੀ ਲਾਪਰਵਾਹੀ, ਔਰਤ ਨੇ ਸੜਕ 'ਤੇ ਦਿੱਤਾ ਬੱਚੇ ਨੂੰ ਜਨਮ

ਖੰਨਾ : ਖੰਨਾ ਦੇ ਸਰਕਾਰੀ ਹਸਪਤਾਲ ਦੀ ਲਾਪਰਵਾਹੀ ਦੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਗਰਭਵਤੀ ਔਰਤ ਨੇ ਹਸਪਤਾਲ ਦੇ ਬਾਹਰ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ।ਜਾਣਕਾਰੀ ਮੁਤਾਬਕ ਮਿਲਟਰੀ ਗਰਾਊਂਡ ਖੰਨਾ ਵਿਖੇ ਝੁੱਗੀਆਂ 'ਚ ਰਹਿਣ ਵਾਲੇ ਕਿਸ਼ਨ ਦੀ ਪਤਨੀ ਮੀਰਾ ਨੂੰ ਜਣੇਪੇ ਦੀਆਂ ਦਰਦਾਂ ਹੋਈਆਂ ਤਾਂ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ। ਕਿਸ਼ਨ ਨੇ ਦੱਸਿਆ ਕਿ ਸਰਕਾਰੀ ਹਸਪਤਾਲ 'ਚ ਡਾਕਟਰਾਂ ਨੇ ਉਸ ਦੀ ਪਤਨੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਹ ਆਪਣੀ ਪਤਨੀ ਨੂੰ ਲੈ ਕੇ ਬਾਹਰ ਨਿਕਲਿਆਂ ਤਾਂ ਉਸ ਦੀ ਘਰਵਾਲੀ ਨੇ ਸੜਕ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਦੂਜੇ ਪਾਸੇ ਔਰਤ ਅਤੇ ਉਸ ਦੇ ਪਰਿਵਾਰ ਨੇ ਸਿਵਲ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ ਜਿਸ ਕਾਰਨ ਸਰਕਾਰ ਦੇ ਮੁਫ਼ਤ ਇਲਾਜ ਦੇ ਦਾਅਵਿਆਂ ਦਾ ਪਰਦਾਫਾਸ਼ ਹੋ ਰਿਹਾ ਹੈ। ਪੀੜਤ ਔਰਤ ਅਤੇ ਉਸ ਦੇ ਪਤੀ ਨੇ ਦੋਸ਼ ਲਗਾਇਆ ਕਿ ਉਹ ਰਾਤ ਨੂੰ ਦਰਦ ਹੋਣ 'ਤੇ ਸਿਵਲ ਹਸਪਤਾਲ ਆਏ ਸਨ ਪਰ ਇੱਥੇ ਡਾਕਟਰਾਂ ਅਤੇ ਸਟਾਫ਼ ਨੇ ਉਸ ਨੂੰ ਟੀਕਾ ਲਗਵਾਉਣ ਲਈ ਕਹਿ ਕੇ ਬਾਹਰ ਭੇਜ ਦਿੱਤਾ। ਜਦੋਂ ਉਹ ਬਾਹਰ ਜਾ ਰਹੇ ਸਨ ਤਾਂ ਅਚਾਨਕ ਤੇਜ਼ ਦਰਦ ਵਿਚਕਾਰ ਸੜਕ 'ਤੇ ਹੀ ਬੱਚੇ ਦਾ ਜਨਮ ਹੋ ਗਿਆ। ਇਸ ਦੌਰਾਨ ਯੂਨਾਈਟਿਡ ਖੰਨਾ ਗਰੁੱਪ ਦੇ ਮੈਂਬਰਾਂ ਵੱਲੋਂ ਜੱਚਾ-ਬੱਚਾ ਦੀ ਮਦਦ ਕੀਤੀ ਗਈ। ਉਨ੍ਹਾਂ ਨੇ ਉੱਥੇ ਲੱਡੂ ਵੰਡ ਕੇ ਅਨੋਖੇ ਢੰਗ ਨਾਲ ਡਾਕਟਰਾਂ ਦੀ ਲਾਪਰਵਾਹੀ 'ਤੇ ਤੰਜ ਕੱਸਿਆ।

1.