ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹਨ। ਜਿਥੇ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਮੌਕੇ ਉਹਨਾਂ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਹੈ। ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਵਲੋਂ ਜਾਰੀ ਸ੍ਰੀ ਆਖੰਡ ਪਾਠਾਂ ਦੀ ਲੜੀ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਨਵੇਂ ਪਾਠ ਦੀ ਆਰੰਭਤਾ ਮੌਕੇ ਹਾਜ਼ਰੀ ਭਰੀ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਦਿਆਂ ਕੇਜਰੀਵਾਲ ਵੱਲੋਂ 300 ਯੁਨਿਟ ਮੁਫ਼ਤ ਬਿਜਲੀ ਦੇ ਕੀਤੇ ਐਲਾਨ ਨੂੰ ਲੈ ਕੇ ਸਵਾਲ ਵੀ ਚੁੱਕੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡਾ ਫਰੌਡ ਕੀਤਾ ਹੈ ਪਰ ਮੀਡੀਆ ਨੇ ਉਸ ਦੀ ਚਲਾਕੀ ਫੜ ਲਈ ਹੈ। 300 ਯੂਨਿਟ ਤੋਂ ਵੱਧ ਹੋਣ ‘ਤੇ ਪੂਰਾ ਬਿੱਲ ਲੱਗੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੌਣ ਹੈ ਐਲਾਨ ਕਰਨ ਵਾਲਾ। ਕੇਜਰੀਵਾਲ ਦੱਸੇ ਕਿ ਪੰਜਾਬ ‘ਚ ਕੌਣ ਜੁੰਮੇਬਾਰੀ ਲਵੇਗਾ। ਅਰਵਿੰਦ ਕੇਜਰੀਵਾਲ ਦਿੱਲੀ ‘ਚ 200 ਯੂਨਿਟ ਦੇ ਰਿਹਾ ਹੈ ਅਤੇ ਉਥੇ ਵੀ 200 ਤੋਂ ਵਧਣ ‘ਤੇ ਸਾਰਾ ਬਿੱਲ ਦੇਣਾ ਪੈਂਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਐੱਸ.ਸੀ. – ਬੀ.ਸੀ. ਭਾਈਚਾਰੇ ਨੂੰ ਮੁਫ਼ਤ ਬਿਜਲੀ ਦਿੰਦੇ ਸੀ , ਕੇਜਰੀਵਾਲ ਦੇ ਹਿਸਾਬ ਨਾਲ ਤਾਂ ਪੰਜਾਬ ਦਾ ਤਾਂ ਬਹੁਤ ਨੁਕਸਾਨ ਹੋ ਜਾਵੇਗਾ। ਪੰਜਾਬ ‘ਚ ਜੇ ਐੱਸ.ਸੀ. -ਬੀ.ਸੀ. ਭਾਈਚਾਰਾ 300 ਯੂਨਿਟ ਬਾਲਦਾ ਸੀ ਤਾਂ ਉਪਰਲੀ 100 ਯੁਨਿਟ ਦੇ ਪੈਸੇ ਆਉਂਦੇ ਸੀ। ਕੇਜਰੀਵਾਲ ਦੇ ਹਿਸਾਬ ਨਾਲ ਐੱਸ.ਸੀ. – ਬੀ.ਸੀ. ਭਾਈਚਾਰੇ ਨੂੰ ਪੂਰਾ ਬਿੱਲ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਦੀ ਅਸਲੀਅਤ ਨਹੀਂ ਪਤਾ। ਕੇਜਰੀਵਾਲ ਕਹਿੰਦਾ ਪੰਜਾਬ ਨੂੰ ਮੁਫ਼ਤ ਬਿਜਲੀ ਦਿੱਤੀ ਜਾਵੇਗੀ ਪਰ ਪੰਜਾਬ ਅਕਾਲੀ ਦਲ ਦੀ ਸਰਕਾਰ ਵੇਲੇ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਸੀ ਪਰ ਕਾਂਗਰਸ ਸਰਕਾਰ ਨੇ ਥਰਮਲ ਪਲਾਟ ਬੰਦ ਕਰ ਦਿੱਤੇ , ਜਿਨ੍ਹਾਂ ਨੂੰ ਚਲਾਇਆ ਨੀ ਜਾ ਰਿਹਾ। ਅਕਾਲੀ ਦਲ ਦੀ ਸਰਕਾਰ ਵੇਲੇ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਬਿਜਲੀ ਦਿੱਤੀ ਜਾ ਰਹੀ ਸੀ , ਕੋਈ ਕੱਟ ਨਹੀਂ ਲੱਗਦਾ ਸੀ ਅਤੇ ਹੁਣ ਕਾਂਗਰਸ ਸਰਕਾਰ ਦੇ ਸਮੇਂ 8 ਘੰਟੇ ਦੀ ਬਜਾਏ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ।

1.