ਵੱਡੀ ਮਾਤਰਾ ’ਚ ਨਜਾਇਜ਼ ਸ਼ਰਾਬ ਤੇ ਲਾਹਣ ਫੜ੍ਹੀ, ਚਾਰ ਤਸਕਰ ਕਾਬੂ

0
194

ਮੰਡੀ ਲੱਖੇਵਾਲੀ ਯੁਨੇਸ਼ ਕੁਮਾਰ
ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਵੱਲੋਂ ਵੱਡੀ ਮਾਤਰਾ ’ਚ ਨਜਾਇਜ਼ ਸ਼ਰਾਬ ਤੇ ਲਾਹਣ ਸਮੇਤ 4 ਸਮਗਲਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਗਈ ਹੈ। ਪਹਿਲਾ ਮਾਮਲਾ ਥਾਣਾ ਸਦਰ ਵਿਖੇ ਦਰਜ ਹੋਇਆ ਹੈ। ਥਾਣੇ ਦੇ ਏਐਸਆਈ ਅੰਮਿ੍ਰਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਭੁੱਲਰ ਦਾ ਰਹਿਣ ਵਾਲਾ ਗੁਰਮੀਤ ਸਿੰਘ ਪੁੱਤਰ ਸ਼ਿੰਦਰਪਾਲ ਸਿੰਘ ਆਪਣੇ ਘਰ ਵਿੱਚ ਨਜਾਇਜ਼ ਸ਼ਰਾਬ ਬਣਾਉਣ ਦਾ ਧੰਦਾ ਕਰਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸਦੇ ਟਿਕਾਣੇ ’ਤੇ ਰੇਡ ਕਰਕੇ ਗੁਰਮੀਤ ਸਿੰਘ ਨੂੰ ਘਰ ਵਿੱਚ ਪਈ 150 ਲਿਟਰ ਲਾਹਣ ਤੇ ਇੱਕ ਡਰੰਮ ਸ਼ਰਾਬ ਸਮੇਤ ਕਾਬੂ ਕੀਤਾ ਹੈ। ਥਾਣਾ ਲੱਖੇਵਾਲੀ ਪੁਲਿਸ ਨੇ ਨਜ਼ਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਦੋ ਸਮਗਲਰਾਂ ਨੂੰ ਕਾਬੂ ਕੀਤਾ ਹੈ, ਜਿੰਨ੍ਹਾਂ ਨੂੰ ਪੁਲਿਸ ਟੀਮ ਨੇ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ ਫੜ੍ਹਿਆ ਹੈ। ਫੜ੍ਹੇ ਗਏ ਦੋਵੇਂ ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਸੱਤਪਾਲ ਸਿੰਘ ਵਾਸੀ ਪਿੰਡ ਲੱਖੇਵਾਲੀ ਅਤੇ ਮਹਿੰਦਰ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਪਿੰਡ ਸੰਮੇਵਾਲੀ ਵਜੋਂ ਹੋਈ ਹੈ, ਜਿੰਨ੍ਹਾਂ ਪਾਸੋਂ ਕੁੱਲ ਸਵਾ 17 ਦੇ ਕਰੀਬ ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਉਧਰ ਥਾਣਾ ਬਰੀਵਾਲਾ ਦੇ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਟੀਮ ਜਦੋਂ ਪਿੰਡ ਮਰਾੜ ਕਲਾਂ ਵਿਖੇ ਮੌਜੂਦ ਸੀ ਤਾਂ ਸੂਚਨਾ ਮਿਲੀ ਕਿ ਪਿੰਡ ਵਿੱਚ ਹਰਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ ਆਪਣੇ ਘਰ ਅੰਦਰ ਨਜਾਇਜ਼ ਸ਼ਰਾਬ ਵੇਚ ਰਿਹਾ ਹੈ, ਜਿਸਦੇ ਘਰ ਰੇਡ ਕਰਕੇ ਪੁਲਿਸ ਨੇ ਉਸਨੂੰ ਨਜਾਇਜ਼ ਸ਼ਰਾਬ ਦੀਆਂ ਸਵਾ ਨੌਂ ਬੋਤਲਾਂ ਸਮੇਤ ਕਾਬੂ ਕੀਤਾ ਹੈ।