ਵਧੀਆਂ ਤੇਲ ਕੀਮਤਾਂ ਨੇ ਰੋਜ਼ਮਰਾ ਵਸਤਾਂ ਨੂੰ ਵੀ ਲਾਈ ਅੱਗ

0
237

ਸ਼ੇਰਪੁਰ ਬਲਵਿੰਦਰ ਸਿੰਘ ਛੰਨਾ
ਜਿੱਥੇ ਦੇਸ਼ ਅੰਦਰ ਕੋਰੋਨਾ ਮਹਾਮਾਰੀ ਦੇ ਸਹਿਮ ਨੇ ਸਮੁੱਚੇ ਕਾਰੋਬਾਰ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਉੱਥੇ ਸਮਾਜ ਦਾ ਹਰ ਵਰਗ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੈ। ਲੋਕ ਇਸ ਦਾ ਵਿਰੋਧ ਕਰ ਰਹੇ ਹਨ ਪਰ ਸਰਕਾਰ ਚੁੱਪ ਧਾਰ ਕੇ ਬੈਠੀ ਹੋਈ ਹੈ। ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ ) ਦੀ ਸੂਬਾਈ ਆਗੂ ਸ਼ਿੰਦਰ ਕੌਰ ਬੜੀ ਅਤੇ ਪੰਚਾਇਤ ਸੰਮਤੀ ਮੈਂਬਰ ਸ਼ੇਰਪੁਰ ਮੈਡਮ ਕਿਰਨਜੀਤ ਕੌਰ ਨੇ ਕਿਹਾ ਕਿ ਜਦੋ ਅਪਰੈਲ 2008 ਵਿਚ ਕੱਚੇ ਤੇਲ (ਕਰੂਡ ਆਇਲ) ਦਾ ਅੰਤਰਾਸ਼ਟਰੀ ਬਾਜ਼ਾਰ ਵਿਚ ਰੇਟ 108 ਡਾਲਰ ਪ੍ਰਤੀ ਬੈਰਲ ਸੀ। ਉਸ ਵੇਲੇ ਭਾਰਤ ਵਿਚ ਪੈਟਰੋਲ ਦੀ ਕੀਮਤ 45 ਰੁਪਏ 50 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 31 ਰੁਪਏ 76 ਪੈਸੇ ਪ੍ਰਤੀ ਲੀਟਰ ਸੀ। ਹੁਣ ਜਦੋਂ ਕੱਚੇ ਤੇਲ ਦਾ ਰੇਟ 62 – 64 ਡਾਲਰ ਪ੍ਰਤੀ ਬੈਰਲ ਹੈ ਤਾਂ ਭਾਰਤ ਸਰਕਾਰ ਪੈਟਰੋਲ 91.70 ਰੁਪਏ ਅਤੇ ਡੀਜਲ 82.74 ਰੁਪਏ ਪ੍ਰਤੀ ਲੀਟਰ ਵੇਚ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਕੋਲੋਂ ਜਵਾਬ ਮੰਗਦੇ ਹਨ ਕਿ 2008 ਵਿਚ ਕੱਚੇ ਤੇਲ ਦਾ ਰੇਟ ਵਧ ਹੋਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਸਸਤੇ ਕਿਵੇਂ ਸਨ ? ਉਨ੍ਹਾਂ ਕਿਹਾ ਕਿ ਡੀਜਲ ਤੇ ਪੈਟਰੋਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਭਾੜਾ, ਕਰਿਆਨੇ ਦੀਆਂ ਕੀਮਤਾਂ ਤੇ ਹੋਰ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਬੇਹੱਦ ਵਧ ਗਈਆਂ ਹਨ, ਜਿਸ ਦਾ ਬੋਝ ਆਮ ਲੋਕਾਂ ਦੀ ਜੇਬ ’ਤੇ ਪੈ ਰਿਹਾ ਹੈ। ਦੇਸ਼ ‘ਚ ਕਈ ਥਾਈਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਵਲੋਂ ਗੈਸ ਦੇ ਖਾਲੀ ਚੁੱਲ੍ਹੇ ਰੱਖ ਕੇ ਆਖਿਆ ਕਿ ਡਿਜੀਟਲ ਬਣ ਰਹੇ ਇੰਡੀਆ ਵਿੱਚ ਅੱਜ ਲੋਕਾਂ ਕੋਲ ਗੈਸ ਖਰੀਦਣ ਦੀ ਸਮਰਥਾ ਤੱਕ ਨਹੀਂ ਰਹੀ। ਪਿਛਲੇ ਦਿਨਾਂ ਵਿਚ ਪ੍ਰਤੀ ਗੈਸ ਸਿਲੰਡਰ ਲਗਪਗ 100 ਰੁਪਏ ਰੇਟ ਵਧਿਆ ਹੈ, ਜਿਸ ਕਾਰਨ ਇਕ ਦਿਹਾੜੀਦਾਰ ਵਿਅਕਤੀ ਦਾ ਚੁੱਲ੍ਹਾ ਗੈਸ ਸਿਲੰਡਰ ਤੋਂ ਸੱਖਣਾ ਹੋ ਗਿਆ ਹੈ ਤੇ ਖਾਤਿਆਂ ’ਚ ਆਉਂਦੀ ਸਬਸਿਡੀ 17 ਰੁਪਏ ’ਚ ਸਿਮਟ ਗਈ। ਉਕਤ ਆਗੂਆਂ ਨੇ ਕਿਹਾ ਜਦ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ ਤਦ ਤੋਂ ਮਹਿੰਗਾਈ ਵੱਧਦੀ ਹੀ ਜਾ ਰਹੀ ਹੈ। ਕਰੋਨਾ ਮਹਾਂਮਾਰੀ ਦੌਰਾਨ ਖਾਣ ਪੀਣ ਦੀਆ ਵਸਤੂਆਂ ਮਹਿੰਗੀਆਂ ਹੋ ਗਈਆਂ ਸਨ । ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਚ ਵਾਧੇ ਨੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵਲੋਂ ਆਏ ਦਿਨ ਕੋਈ ਨਾ ਕੋਈ ਫੈਸਲਾ ਪਾਸ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕੀਮਤਾਂ ’ਚ ਬੇ ਇੰਤਹਾ ਵਾਧਾ ਵਾਪਸ ਲਿਆ ਜਾਵੇ ਤਾਂ ਕਿ ਰੋਜ਼ਮਰਾ ਦੀਆਂ ਵਸਤਾਂ ਦੇ ਭਾਅ ਵੀ ਘੱਟ ਹੋਵਣ ।