ਰਸਤੇ ਨੂੰ ਲੈਕੇ ਹੋਏ ਝਗੜੇ ’ਚ ਔਰਤ ਦੀ ਮੌਤ

0
55

ਮਮਦੋਟ ਨਿਰਵੈਰ ਸਿੰਘ ਸਿੰਧੀ
ਬੀਤੀ ਰਾਤ ਇਥੋਂ ਨਜਦੀਕੀ ਪਿੰਡ ਵਿਚ ਰਸਤੇ ਨੂੰ ਲੈਕੇ ਹੋਈ ਮਾਮੂਲੀ ਲੜਾਈ ਦੌਰਾਨ ਦੋਹਾਂ ਧਿਰਾਂ ਨੂੰ ਛੁਡਾਉਣ ਆਈ ਔਰਤ ਦੀ ਧੱਕੇ ਮੁੱਕੀ ਦੌਰਾਨ ਕਥਿਤ ਦੀਵਾਰ ਨਾਲ ਸਿਰ ਵੱਜਣ ਨਾਲ ਮੌਕੇ ਤੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਰਾਊਕੇ ਹਿਠਾੜ ਵਿਚ ਚਾਚੇ ਤਾਏ ਦੇ ਦੋ ਪਰਿਵਾਰਾਂ ਵਿਚ ਰਸਤੇ ਨੂੰ ਲੈਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ ਜਿਸਨੂੰ ਲੈਕੇ ਬੀਤੀ ਰਾਤ ਦੁਬਾਰਾ ਦੋਨਾਂ ਧਿਰਾਂ ਵਿਚ ਤਕਰਾਰ ਹੋ ਗਈ ਜਿਸ ਵਿਚ ਇੱਕ ਔਰਤ ਠਾਕੁਰੋ ਬੀਬੀ ਦੀ ਕਥਿਤ ਤੋਰ ਤੇ ਕੰਧ ਨਾਲ ਸਿਰ ਵੱਜਣ ਨਾਲ ਮੌਕੇ ਉੱਪਰ ਮੌਤ ਹੋ ਗਈ . ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਚ ਰੋਸ਼ਨ ਸਿੰਘ ਪੁੱਤਰ ਜਾਗੀਰ ਸਿੰਘ ਨੇ ਦੱਸਿਆ ਕਿ ਮੈਂ ਗਲੀ ਨਾਲ ਲਗਦੀ ਆਪਣੀ ਬੈਠਕ ਵਿਚ ਸੁੱਤਾ ਪਿਆ ਸੀ ਅਤੇ ਰਾਤ ਕਰੀਬ 12 ਵਜੇ ਰਾਜ ਸਿੰਘ ,ਬਾਜ ਸਿੰਘ ,ਬਲਵੀਰ ਸਿੰਘ ਪੁੱਤਰਾਨ ਜੀਤ ਸਿੰਘ ਵਾਸੀ ਰਾਊਕੇ ਹਿਠਾੜ ਆਪਣੇ ਸਾਥੀਆਂ ਸਮੇਤ ਮੇਰੇ ਘਰ ਵਿਚ ਦਾਖਿਲ ਹੋਏ ਅਤੇ ਮੇਰੇ ਨਾਲ ਮਾਰਕੁੱਟ ਕਰਨ ਲੱਗ ਪਏ ਜਦੋ ਮੈਂ ਰੌਲਾ ਪਾਇਆ ਤਾਂ ਮੇਰੇ ਭਰਾ ਅਤੇ ਮੇਰੀ ਮਾ ਠਾਕੁਰੋ ਬੀਬੀ ,ਪਿਤਾ ਜਾਗੀਰ ਸਿੰਘ ਛੁੜਾਉਣ ਆਏ ਤਾਂ ਉੱਕਤ ਵਿਅਕਤੀਆਂ ਨੇ ਮੇਰੀ ਮਾਂ ਨੂੰ ਥੱਪੜਾਂ ਅਤੇ ਸੋਟੀਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਮੂੰਹ ਕੰਧ ਨਾਲ ਮਾਰਿਆ ਜਿਸ ਨਾਲ ਉਸਦੀ ਸਾਡੇ ਵੇਖਦਿਆਂ ਹੀ ਵੇਖਦਿਆਂ ਮੌਤ ਹੋ ਗਈ। ਅਤੇ ਉੱਕਤ ਵਿਅਕਤੀ ਮੌਕੇ ਉੱਤੋਂ ਫਰਾਰ ਹੋ ਗਏ। ਜਦੋ ਇਸ ਘਟਨਾ ਬਾਰੇ ਥਾਣਾ ਮਮਦੋਟ ਦੀ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਪਾਰਟੀ ਨੇ ਮੌਕੇ ਉੱਪਰ ਪਹੁੰਚ ਕੇ ਘਟਨਾ ਸਥਾਨ ਦਾ ਜਾਇਜਾ ਲਿਆ ਅਤੇ ਲਾਸ਼ ਨੂੰ ਆਪਣੇ ਕਬਜੇ ਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।