ਮੰਦਰ ਉਸੇ ਥਾਂ ਬਣਵਾਵਾਂਗੇ : ਮੁੱਖ ਮੰਤਰੀ ਕਮੇਟੀ

0
509

ਜਲੰਧਰ – ਆਵਾਜ਼ ਬਿੳੂਰੋ
ਪੰਜਾਬ ਦੇ ਕੈਬਨਿਟ ਮੰਤਰੀ ਸ.ਚਰਨਜੀਤ ਸਿੰਘ ਚੰਨੀ ਅਤੇ ਸ੍ਰੀਮਤੀ ਅਰੁਣਾ ਚੌਧਰੀ ਨੇ ਅੱਜ ਐਲਾਨ ਕੀਤਾ ਕਿ ਨਵੀਂ ਦਿੱਲੀ ਵਿਖੇ ਢਾਏ ਗਏ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਮੰਦਰ ਦੀ ਮੁੜ ਉਸਾਰੀ ਲਈ ਸੂਬਾ ਸਰਕਾਰ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਮੁਹੱਈਆ ਕਰਵਾਏਗੀ। ਦੋਵੇਂ ਮੰਤਰੀਆਂ ਨੇ ਅੱਜ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਅਤੇ ਵਿਧਾਇਕ ਸ੍ਰੀ ਰਾਜ ਕੁਮਾਰ ਚੱਬੇਵਾਲ ਅਤੇ ਸ੍ਰੀ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮੰਦਰ ਦੇ ਮਸਲੇ ਨੂੰ ਹੱਲ ਕਰਨ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਹਨ ਦੇ ਨਾਲ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਵੱਖ ਵੱਖ ਨੁਮਾਇੰਦਿਆਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਕਮੇਟੀ ਨੇ ਨਵੀਂ ਦਿੱਲੀ ਵਿਖੇ ਸ੍ਰੀ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਢਾਏ ਜਾਣ ਦੀ ਕਾਰਵਾਈ ਦੀ ਸਖਤ ਸ਼ਬਦਾਂ ਦੇ ਵਿਚ ਨਿੰਦਾ ਕੀਤੀ। ਉਨਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਅਤੇ ਉਨਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਜੇਕਰ ਭਾਈਚਾਰਾ ਪ੍ਰਵਾਨ ਕਰੇ ਤਾਂ ਸੂਬਾ ਸਰਕਾਰ ਮੰਦਰ ਨੂੰ ਮੁੜ ਉਸਾਰਨ ਲਈ ਲੋੜੀਂਦੀ ਕਾਨੂੰਨੀ ਕਾਰਵਾਈ ਦਾ ਪੂਰਾ ਖਰਚਾ ਚੁੱਕਣ ਲਈ ਤਿਆਰ ਹੈ। ਇਸੇ ਤਰ੍ਹਾਂ ਉਨਾਂ ਕਿਹਾ ਕਿ ਸੂਬਾ ਸਰਕਾਰ ਉਸੇ ਜਗ੍ਹਾ ਤੇ ਮੰਦਰ ਉਸਾਰਨ ਲਈ ਪੂਰਾ ਜਾਂ ਜਿੰਨੀ ਵੀ ਭਾਈਚਾਰਾ ਚਾਹੇ ਉੰਨੀ ਆਰਥਿਕ ਮਦਦ ਕਰਨ ਲਈ ਵੀ ਤਿਆਰ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਨਾਲ ਨਿੱਜ਼ੀ ਤੌਰ ਤੇ ਗੱਲ ਕਰਕੇ ਉਹੀ ਜਗ੍ਹਾ ਮੁੜ ਭਾਈਚਾਰੇ ਨੂੰ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਭਾਈਚਾਰਾ ਉਸ ਉੱਤੇ ਮੰਦਰ ਅਤੇ ਸਰੋਵਰ ਦੀ ਉਸਾਰੀ ਕਰ ਸਕੇ। ਉਨਾਂ ਕਿਹਾ ਕਿ ਸੂਬਾ ਸਰਕਾਰ ਪੂਰਾ ਤਰ੍ਹਾਂ ਨਾਲ ਅਨੁਸੂਚਿਤ ਜਾਤੀ ਭਾਈਚਾਰੇ ਦੇ ਨਾਲ ਖੜੀ ਹੈ। ਮੰਦਰ ਢਾਏ ਜਾਣ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਉਨਾਂ ਕਿਹਾ ਕਿ ਸੂਬਾ ਸਰਕਾਰ ਭਾਈਚਾਰੇ ਦੇ ਇਸ ਸੰਘਰਸ਼ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤਾਂ ਜੋ ਮੁੜ ਤੋਂ ਮੰਦਰ ਉਸੀ ਜਗ੍ਹਾ ਤੇ ਉਸਾਰਿਆ ਜਾ ਸਕੇ। ਉਨਾਂ ਨੇ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪ੍ਰਦਰਸ਼ਨ ਸ਼ਾਂਤੀ ਪੂਰਨ ਢੰਗ ਦੇ ਨਾਲ ਕਰਨ। ਨਾਲ ਹੀ ਉਨਾਂ ਨੇ ਇਹ ਵੀ ਅਪੀਲ ਕੀਤੀ ਕਿ ਇਸ ਸੰਘਰਸ਼ ਵਿਚ ਸਮਾਜ ਦੇ ਹੋਰ ਵਰਗਾਂ ਦੀ ਵੀ ਹਮਾਇਤ ਲਈ ਜਾਵੇ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਦਰ ਢਾਏ ਜਾਣ ਦੀ ਕਾਰਵਾਈ ਦੀ ਭਰਪੂਰ ਨਿੰਦਾ ਕੀਤੀ ਗਈ। ਨਾਲ ਹੀ ਇਹ ਵੀ ਪ੍ਰਣ ਕੀਤਾ ਗਿਆ ਕਿ ਸ਼ਾਂਤੀਪੂਰਵਕ ਢੰਗ ਦੇ ਨਾਲ ਜ਼ਮੀਨ ਦੁਬਾਰਾ ਹਾਸਲ ਕਰਕੇ ਉਸੇ ਜਗ੍ਹਾ ਮੰਦਰ ਦੀ ਮੁੜ ਉਸਾਰੀ ਕੀਤੀ ਜਾਵੇਗੀ।ਇਸ ਮੌਕੇ ਤੇ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ ਐਸ ਪੀ ਸ੍ਰੀ ਨਵਜੋਤ ਸਿੰਘ ਨੇ ਭਾਈਚਾਰੇ ਨੂੰ ਪ੍ਰਦਰਸ਼ਨ ਦੌਰਾਨ ਸ਼ਾਂਤੀ ਬਣਾਏ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਪਰਗਟ ਸਿੰਘ, ਸ੍ਰੀ ਰਾਜਿੰਦਰ ਬੇਰੀ, ਸ੍ਰੀ ਚੌਧਰੀ ਸੁਰਿੰਦਰ ਸਿੰਘ ਅਤੇ ਸ੍ਰੀ ਅਵਤਾਰ ਸਿੰਘ ਬਾਵਾ ਹੈਨਰੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਤੇ ਸ੍ਰੀ ਜਸਬੀਰ ਸਿੰਘ,ਡੀ.ਸੀ.ਪੀ ਸ੍ਰੀ ਗੁਰਮੀਤ ਸਿੰਘ,ਏ.ਡੀ.ਸੀ.ਪੀ ਡੀ. ਸੁਥਰਵਿਜ਼ੀ, ਐਸ.ਡੀ.ਐਮ ਸ੍ਰੀ ਪਰਮਵੀਰ ਸਿੰਘ ਤੇ ਸ੍ਰੀ ਸੰਜੀਵ ਸ਼ਰਮਾ, ਸਹਾਇਕ ਕਮਿਸ਼ਨਰ ਸ਼ਾਇਰੀ ਮਲਹੋਤਰਾ, ਡੀ.ਐਸ.ਪੀ ਸ. ਸਰਬਜੀਤ ਸਿੰਘ ਰਾਏ ਤੇ ਸ. ਸੁਰਿੰਦਰ ਪਾਲ,ਮਾਲ ਅਫਸਰ ਸ੍ਰੀ ਮਨੋਹਰ ਲਾਲ ਅਤੇ ਹੋਰ ਵੀ ਹਾਜ਼ਰ ਸਨ।