ਮਿਸ਼ਨ ਫਤਹਿ ਤਹਿਤ ਬੈਜ ਲਗਾ ਕੇ ਕੀਤੀ ਹੌਂਸਲਾ ਅਫਜਾਈ

0
700

ਤਪਾ ਮੰਡੀ ਵਿਸ਼ਵਜੀਤ ਸ਼ਰਮਾ/ ਮੇਲਾ ਕਾਲੀਆ
ਪੰਜਾਬ ਸਰਕਾਰ ਵਲੋਂ ਮਿਸਨ ਫਤਹਿ ਤਹਿਤ ਪੰਜਾਬ ਵਾਸੀਆਂ ਦੀ ਕੋਵਿਡ-19 ਮਹਾਂਮਾਰੀ ਨੂੰ ਹਰਾਉਣ ਲਈ ਮੁਹਿੰਮ ਤਹਿਤ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵੀਰ ਸਿੰਘ ਔਲਖ ਵਲੋਂ ਮੂਹਰਲੀ ਕਤਾਰ ਵਿਚ ਕੰਮ ਕਰ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਬੈਚ ਲਗਾ ਕੇ ਹੌਸਲਾ ਅਫਜਾਈ ਕੀਤੀ। ਡਾ. ਔਲਖ ਨੇ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਵਿਚ ਵਿਭਾਗ ਦੀ ਸਮੁੱਚੀ ਟੀਮ ਵਲੋਂ ਕੋਵਿਡ-19 ਫੈਲਣ ਤੋਂ ਰੋਕਣ ਅਤੇ ਬਚਾਅ ਤਹਿਤ ਲਗਾਤਾਰ ਲੋਕ ਹਿਤਾਂ ਲਈ ਕੰਮ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਬਲਾਕ ਅਧੀਨ ਇਨਫਲੂਇੰਜਾ ਲਾਈਕ ਇਲਨੈਸ ਘਰ-ਘਰ ਸਰਵੇ ਦੌਰਾਨ ਖਾਂਸੀ, ਜੁਕਾਮ ਤੇ ਬੁਖਾਰ ਦੇ ਮਰੀਜਾਂ ਦੀ ਜਾਂਚ, ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਅਤੇ ਫਰੰਟ ਲਾਈਨ ਕਰਮਚਾਰੀਆਂ, ਏਐਨਐਮਜ, ਆਸਾ ਵਰਕਰਾਂ ਤੇ ਪੁਲਿਸ ਮੁਲਾਜਮਾਂ ਦੇ ਕੋਵਿਡ-19 ਅਧੀਨ ਟੈਸਟ ਹਸਪਤਾਲ ਦੇ ਸੈਂਪਲ ਕੁਲੈਕਸਨ ਸੈਂਟਰ ਵਿਖੇ ਲਗਾਤਾਰ ਕੀਤੇ ਜਾ ਰਹੇ ਹਨ। ਮੈਡੀਕਲ ਅਫਸਰ ਦੀ ਅਗਵਾਈ ਵਿਚ ਪੰਜ ਰੈਪਿਡ ਰਿਸਪਾਂਸ ਟੀਮਾਂ ਅਤੇ ਫਲੂ ਕਾਰਨਰ ਵਿਖੇ ਚੌਕਸੀ ਵਰਤੀ ਜਾ ਰਹੀ ਹੈ। ਪਿੰਡ-ਪਿੰਡ ਮੁਨਿਆਦੀ ਤੇ ਪੋਸਟਰ ਵੰਡ ਕੇ ਆਮ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਜਾਗਰੂਕ ਕੀਤਾ ਗਿਆ ਹੈ। ਡਾ. ਔਲਖ ਨੇ ਵਿਭਾਗ ਦੇ ਵੱਖ-ਵੱਖ ਕੇਡਰ ਦੇ ਕਰਮਚਾਰੀਆਂ ਦੇ ਬੈਜ ਲਗਾਏ ਅਤੇ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਤਤਪਰ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ, ਚੀਫ ਫਾਰਮੇਸੀ ਅਫਸਰ ਸੀਸਨ ਕੁਮਾਰ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸੀ, ਐਮਪੀਐਸ ਪਰਮਜੀਤ, ਮਹਿੰਦਰ ਸਿੰਘ, ਗਿਆਨ ਸਿੰਘ, ਲੈਬੋਰੇਟਰੀ ਤਕਨੀਸੀਅਨ ਸੁਮਨਦੀਪ ਸਿੰਘ ਤੇ ਬਲਹਾਰ ਸਿੰਘ, ਸਟਾਫ ਨਰਸ ਪਰਮਜੀਤ ਕੌਰ ਤੇ ਮਲਟੀਪਰਪਜ਼ ਸਿਹਤ ਵਰਕਰ ਹਰਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਵੀ ਮੌਜੂਦ ਸਨ।