ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ : ਡਾ. ਲਖਵੀਰ ਸਿੰਘ

0
34

ਹੁਸ਼ਿਆਰਪੁਰ ਇੰਦਰਜੀਤ ਸਿੰਘ ਹੀਰਾ
ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਵੀਰ ਸਿੰਘ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਅੱਜ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲ ਲੈਂਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਮਿਲਾਵਟਖੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਮਿਲਾਵਟਖੋਰਾਂ ਖਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡਜ਼ ਐਕਟ-2006 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਂ ਜੋ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾ ਸਕੇ। ਸਥਾਨਕ ਫਗਵਾੜਾ ਬਾਈਪਾਸ ’ਤੇ ਕਰਿਆਨੇ ਦੀਆਂ ਦੁਕਾਨਾਂ ਤੋਂ ਦਾਲ, ਤੇਲ, ਕਾਲੀ ਮਿਰਚ, ਕਿਸ਼ਮਿਸ਼ ਅਤੇ ਗੁੜ ਦੇ ਬੇਲਣੇ ਤੋਂ ਗੁੜ, ਸ਼ੱਕਰ ਦੇ ਨਾਲ-ਨਾਲ ਇਕ ਡਿਪਾਰਟਮੈਂਟਲ ਸਟੇਰ ਤੋਂ ਹਲਦੀ ਅਤੇ ਮੈਕਰੋਨੀ ਦੇ ਸੈਂਪਲ ਲੈਂਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖਾਣ-ਪੀਣ ਵਾਲੇ ਸਾਫ਼-ਸੁਥਰੇ ਅਤੇ ਸ਼ੁੱਧ ਪਦਾਰਥਾਂ ਦੀ ਉਪਲਬੱਧਤਾ ਨੂੰ ਯਕੀਨੀ ਬਨਾਉਣਾ ਸਮੇਂ ਦੀ ਮੁੱਖ ਮੰਗ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੋਂ ਦੁੱਧ, ਪਨੀਰ, ਦੇਸੀ ਘਿਊ ਆਦਿ ਦੇ ਸੈਂਪਲ ਲੈ ਕੇ ਫੂਡ ਟੈਸਟਿੰਗ ਲੈਬਾਰਟਰੀ ਖਰੜ ਭੇਜੇ ਗਏ ਹਨ ਜਿਨ੍ਹਾਂ ਦੀਆਂ ਰਿਪੋਰਟਾਂ ਆਉਣ ਵਾਲੀਆਂ ਹਨ। ਉਨ੍ਹਾਂ ਨੇ ਖਾਣ-ਪੀਣ ਵਾਲੀਆਂ ਵਸਤਾਂ ਤਿਆਰ ਕਰਨ ਵਾਲਿਆਂ ਨੂੰ ਤਾਕੀਦ ਕੀਤੀ ਕਿ ਉਹ ਮਿਆਰੀ ਅਤੇ ਸ਼ੁੱਧ ਪਦਾਰਥਾਂ ਦੀ ਵਿਕਰੀ ਨੂੰ ਤਰਜ਼ੀਹ ਦਿੰਦਿਆਂ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਹਿਮ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਜਿਵੇਂ ਪਨੀਰ ਆਦਿ ਵਿੱਚ ਮਿਲਾਵਟਖੋਰੀ ਦਾ ਵਧੇਰੇ ਖਦਸ਼ਾ ਰਹਿੰਦਾ ਹੈ ਜਿਸ ਤੋਂ ਸਾਰਿਆਂ ਨੂੰ ਸੁਚੇਤ ਰਹਿੰਦਿਆਂ ਕੁਆਲਟੀ ਦੁੱਧ ਅਤੇ ਪਨੀਰ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਬੀਤੇ ਦਿਨੀਂ ਦੁੱਧ ਦੇ ਸੈਂਪਲ ਲੈਣ ਵੇਲੇ ਕੁਝ ਵਿਅਕਤੀਆਂ ਵਲੋਂ ਕੀਤੇ ਵਿਰੋਧ ਸਬੰਧੀ ਡਾ. ਲਖਵੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਵਲੋਂ ਰੂਟੀਨ ਵਿੱਚ ਸੈਂਪਲ ਲੈ ਕੇ ਅਗਲੀ ਕਾਰਵਾਈ ਲਈ ਖਰੜ ਲੈਬਾਰਟਰੀ ਨੂੰ ਭੇਜੇ ਜਾਂਦੇ ਹਨ ਜਿਸ ’ਤੇ ਕਿਸੇ ਨੂੰ ਕੋਈ ਕਿੰਤੂ ਨਹੀਂ ਹੋਣਾ ਚਾਹੀਦਾ।