ਮਾਂ-ਪੁੱਤ ਨੇ ਇਕੱਠੇ ਪਾਸ ਕੀਤੀ 12ਵੀਂ

0
254

ਲੁਧਿਆਣਾ – ਅਸ਼ੋਕ ਪੁਰੀ
ਮੰਗਲਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੇ ਨਤੀਜਿਆਂ ਨਾਲ ਜਿੱਥੇ ਲੱਗਭੱਗ ਹਰ ਵਿਦਿਆਰਥੀ ਦੇ ਘਰ ਖੁਸ਼ੀ ਦਾ ਮਹੌਲ ਹੈ, ਓਥੇ ਹੀ ਸ਼ਹਿਰ ਦੇ ਲੁਹਾਰਾ ਇਲਾਕੇ ਦੇ ਨਿਊ ਸੁੰਦਰ ਨਗਰ ਕਲੋਨੀ ਵਿੱਚ ਰਹਿਣ ਵਾਲੀ 46 ਸਾਲ ਦੀ ਰਜਨੀ ਸਾਥੀ ਵੱਲੋਂ ਬੇਟੇ ਦੀਪਕ ਸਾਥੀ ਦੇ ਨਾਲ ਹੀ 12ਵੀਂ ਦੀ ਪਰੀਖਿਆ ਪਾਸ ਕਰਨ ਤੇ ਦੋਹਰੀ ਖੁਸ਼ੀ ਮਨਾਈ ਜਾ ਰਹੀ ਹੈ। 31 ਸਾਲ ਪਹਿਲਾਂ ਪਰਿਵਾਰਿਕ ਕਾਰਣਾਂ ਕਰਕੇ ਪੜਾਈ ਨੂੰ ਅਧੂਰਾ ਛੱਡਣ ਵਾਲੀ ਰਜਨੀ ਨੇ 2018 ਵਿੱਚ ਬੇਟੇ ਦੀਪਕ ਦੇ
ਨਾਲ ਹੀ 10ਵੀਂ ਦੀ ਪਰੀਖਿਆ ਪਾਸ ਕੀਤੀ ਸੀ ਅਤੇ ਅੱਜ ਨਿੱਕਲੇ 12ਵੀਂ ਦੇ ਨਤੀਜਿਆਂ ਵਿੱਚ ਵੀ ਦੋਵੇਂ ਮਾਂ-ਪੁੱਤਰ ਨੇ ਪਰੀਖਿਆ ਪਾਸ ਕਰ ਲਈ ਹੈ। ਰਜਨੀ ਨੇ 55.7 ਫੀਸਦੀ ਅਤੇ ਬੇਟੇ ਦੀਪਕ ਨੇ 72.4 ਪ੍ਰਤੀਸ਼ਤ ਨੰਬਰ ਹਾਸਿਲ ਕੀਤੇ ਹਨ। ਰਜਨੀ ਸਾਥੀ ਨੇ 1989 ਵਿੱਚ ਤਰਨ ਤਾਰਨ ਦੇ ਆਰੀਆ ਗਰਲਸ ਹਾਈ ਸਕੂਲ ਤੋਂ ਨੌਵੀਂ ਜਮਾਤ ਪਾਸ ਕੀਤੀ ਸੀ, ਪਰੰਤੁ ਪਰਿਵਾਰਿਕ ਕਾਰਣਾਂ ਕਰਕੇ ਉਹ 1990 ਵਿੱਚ ਦਸਵੀਂ ਦੀ ਪਰੀਖਿਆ ਨਹੀਂ ਦੇ ਸਕੀ। ਆਪਣੇ ਪਤੀ ਰਾਜਕੁਮਾਰ ਸਾਥੀ ਦੀ ਪ੍ਰੇਰਣਾ ਸਦਕਾ ਉਸਨੇ 2017 ਵਿੱਚ ਫਿਰ ਤੋਂ ਪੜਾਈ ਸ਼ੁਰੂ ਕੀਤੀ ਅਤੇ 2018 ਵਿੱਚ ਬੇਟੇ ਦੀਪਕ ਦੇ ਨਾਲ ਹੀ ਦਸਵੀਂ ਦੀ ਪਰੀਖਿਆ ਪਾਸ ਕਰ ਲਈ। ਇਸਦੇ ਨਾਲ ਉਸਦਾ ਹੌਸਲਾ ਵਧਿਆ ਅਤੇ ਉਸਨੇ ਇਸ ਸਾਲ ਹੋਈ 12ਵੀਂ ਦੀ ਪਰੀਖਿਆ 55.7 ਫੀਸਦੀ ਨੰਬਰ ਲੈ ਕੇ ਦੂਜੀ ਸ਼੍ਰੇਣੀ ਵਿੱਚ ਪਾਸ ਕਰ ਲਈ। ਉਸਦੇ ਨਾਲ ਹੀ ਪੇਪਰ ਦੇਣ ਵਾਲੇ ਉਸਦੇ ਬੇਟੇ ਦੀਪਕ ਨੂੰ 72.4 ਪ੍ਰਤੀਸ਼ਤ ਨੰਬਰ ਮਿਲੇ ਹਨ। ਆਪਣੀ ਸਫਲਤਾ ਤੋਂ ਖੁਸ਼ ਰਜਨੀ ਨੇ ਦੱਸਿਆ ਕਿ ਉਹ ਪੜਨਾ ਚਾਹੁੰਦੀ ਸੀ, ਪਰੰਤੁ ਪਰਿਵਾਰ ਵਿੱਚ ਚਲ ਰਹੀ ਸਮੱਸਿਆ ਦੇ ਕਾਰਣ 1990 ਵਿੱਚ ਉਸਦੀ ਪੜਾਈ ਅਧੂਰੀ ਰਹਿ ਗਈ ਸੀ। ਉਸ ਦੀਆਂ ਦੋ ਬੇਟੀਆਂ ਨੇ ਗ੍ਰੈਜੁਏਸ਼ਨ ਕੀਤੀ ਹੋਈ ਹੈ ਅਤੇ ਬੇਟੇ ਦੀਪਕ ਨੇ ਉਸਦੇ ਨਾਲ ਹੀ 12ਵੀਂ ਦੀ ਪਰੀਖਿਆ ਪਾਸ ਕੀਤੀ ਹੈ। ਰਜਨੀ ਦੱਸਦੀ ਹੈ ਕਿ ਪਤੀ ਰਾਜਕੁਮਾਰ ਸਾਥੀ ਪਿਛਲੇ ਕਈ ਸਾਲਾਂ ਤੋਂ ਪੜਾਈ ਦੁਬਾਰਾ ਸ਼ੁਰੂ ਕਰਨ ਲਈ ਸਮਝਾ ਰਹੇ ਸਨ। ਜਿਸ ਕਾਰਣ ਅੱਜ ਉਸਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਓਪਨ ਸਕੂਲ ਕੈਟਾਗਰੀ ਵਿੱਚ 12ਵੀਂ ਦੀ ਪਰੀਖਿਆ ਪਾਸ ਕਰ ਲਈ ਹੈ। ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਸਾਢੇ 5 ਸਾਲ ਤੋਂ ਪਾਰਟ ਟਾਈਮ ਵਾਰਡ ਅਟੈਡੈਂਟ ਦੇ ਤੌਰ ਤੇ ਤੈਨਾਤ ਰਜਨੀ ਕਹਿੰਦੀ ਹੈ ਕਿ ਹੁਣ ਉਸਨੂੰ ਨੌਕਰੀ ਪੱਕੀ ਹੋਣ ਦੀ ਉਮੀਦ ਹੈ। ਦਸਵੀਂ ਪਾਸ ਕਰਨ ਤੇ ਉਸਦੀ ਕਾਫੀ ਪ੍ਰਸ਼ੰਸਾ ਹੋਈ ਸੀ, ਜਿਸ ਨਾਲ ਉਸਨੂੰ ਅੱਗੇ ਵਧਣ ਦਾ ਹੌਸਲਾਂ ਮਿਲਿਆ ਅਤੇ ਇਸ ਕਰਕੇ ਹੀ ਅੱਜ ਉਸਨੇ 12ਵੀਂ ਦੀ ਪਰੀਖਿਆ ਵੀ ਪਾਸ ਕਰ ਲਈ ਹੈ। ਰਜਨੀ ਕਹਿੰਦੀ ਹੈ ਕਿ ਮੇਰੀ ਸੱਸ ਸ਼੍ਰੀਮਤੀ ਸੁਮਿੱਤਰਾ ਦੇਵੀ ਭਾਵੇਂ ਖੁਦ ਪੜੀ-ਲਿਖੀ ਨਹੀਂ ਹਨ, ਪਰੰਤੁ ਉਹਨਾਂ ਨੇ ਪੜਾਈ ਵਿੱਚ ਮੈਨੂੰ ਪੂਰਾ ਸਹਿਯੋਗ ਦਿੱਤਾ। ਹਸਪਤਾਲ ਵਿੱਚ ਨਾਲ ਕੰਮ ਕਰਨ ਵਾਲੇ ਸਟਾਫ ਮੈਂਬਰ ਤੋਂ ਲੈ ਕੇ ਐਸ.ਐਮ.ਓ ਤੱਕ ਨੇ ਉਸਦਾ ਹੌਸਲਾਂ ਵਧਾਇਆ। ਰਜਨੀ ਦੱਸਦੀ ਹੈ ਕਿ ਮੋਤੀਆ ਬਿੰਦ ਕਾਰਣ ਉਸਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਅਤੇ ਉਸਨੂੰ ਨੇੜੇ ਪਈ ਚੀਜ ਵੀ ਧੁੰਧਲੀ ਦਿਖਾਈ ਦਿੰਦੀ ਸੀ। ਇਸ ਕਾਰਣ ਉਹ ਸਹੀ ਤਰੀਕੇ ਨਾਲ ਪੜ ਵੀ ਨਹੀਂ ਸਕੀ ਸੀ। ਇਸ ਸਾਲ 3 ਫਰਵਰੀ ਨੂੰ ਇੱਕ ਅੱਖ ਦੀ ਸਰਜਰੀ ਕਰਾਉਣ ਤੋੰ ਬਾਦ 3 ਮਾਰਚ ਨੂੰ ਉਸਨੇ ਪਹਿਲਾ ਪੇਪਰ ਦਿੱਤਾ ਸੀ।