ਮਹਾਂਰਾਸ਼ਟਰ ਸਰਕਾਰ ਨੂੰ ਲੈ ਕੇ ਅੰਤਿਮ ਗੇੜ ਦੀ ਮੀਟਿੰਗ ਅੱਜ

0
229

ਮੁੰਬਈ/ਨਵੀਂ ਦਿੱਲੀ ਆਵਾਜ਼ ਬਿੳੂਰੋ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਮਹਾਂਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨਾਲ ਗੱਠਜੋੜ ਕਰਨ ਲਈ ਮਹਾਂਰਾਸ਼ਟਰ ਕਾਂਗਰਸ ਨੂੰ ਇਸ਼ਾਰਾ ਕਰਨ ਤੋਂ ਬਾਅਦ ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਵੀ ਐਲਾਨ ਕਰ ਦਿੱਤਾ ਹੈ ਕਿ ਤਿੰਨਾਂ ਪਾਰਟੀਆਂ ਵਿਚਾਲੇ ਸਰਕਾਰ ਬਣਾਉਣ ਲਈ ਸਾਰੇ ਮੁੱਦਿਆਂ ਤੇ ਆਮ ਸਹਿਮਤੀ ਬਣ ਗਈ ਹੈ। ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪਿ੍ਰਥਵੀ ਰਾਜ ਚੌਹਾਨ ਨੇ ਸ਼ਰਦ ਪਵਾਰ ਦੇ ਘਰ ਸਾਂਝੀ ਮੀਟਿੰਗ ਕਰਨ ਤੋਂ ਬਾਅਦ ਦੱਸਿਆ ਕਿ ਸ਼ੁੱਕਰਵਾਰ 22 ਨਵੰਬਰ ਨੂੰ ਮੁੰਬਈ ਵਿੱਚ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿੱਚ ਜਿਨ੍ਹਾਂ ਮੁੱਦਿਆਂ ਤੇ ਚੋਣਾਂ ਲੜੀਆਂ ਗਈਆਂ, ਉਨ੍ਹਾਂ ਮੁੱਦਿਆਂ ਮੁਤਾਬਕ ਸਰਕਾਰ ਵੱਲੋਂ ਕੰਮ ਕੀਤੇ ਜਾਣ ਦੀ ਰੂਪ ਰੇਖਾ ਉਲੀਕੀ ਜਾਵੇਗੀ। ਇਸ ਸਬੰਧੀ ਸਹਿਮਤੀ ਬਣਨ ਤੋਂ ਬਾਅਦ ਤਿੰਨਾਂ ਪਾਰਟੀਆਂ ਦੇ ਵਿਧਾਇਕ ਸਰਕਾਰ ਬਣਾਉਣ ਸਬੰਧੀ ਸ਼ਿਵ ਸੈਨਾ ਨੂੰ ਹਮਾਇਤ ਦੀ ਚਿੱਠੀ ਸ਼ਨਿੱਚਰਵਾਰ 23 ਨਵੰਬਰ ਨੂੰ ਮਹਾਂਰਾਸ਼ਟਰ ਦੇ ਰਾਜਪਾਲ ਨੂੰ ਸੌਂਪ ਦੇਣਗੇ।
ਵੱਡੇ ਕਾਂਗਰਸੀ ਨੇਤਾਵਾਂ ਵੱਲੋਂ ਗੱਠਜੋੜ ਦਾ ਵਿਰੋਧ
ਕਾਂਗਰਸ ਦੇ ਸੀਨੀਅਰ ਨੇਤਾ ਸੰਜੇ ਨਿਰੁਪਮ ਅਤੇ ਹੋਰਾਂ ਨੇ ਮਹਾਂਰਾਸ਼ਟਰ ਵਿੱਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਨਾਲ ਗੱਠਜੋੜ ਕਰਨ ਦਾ ਵਿਰੋਧ ਕੀਤਾ ਹੈ। ਸੰਜੇ ਨਿਰੁੁਪਮ ਨੇ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਉਹ ਹਾਲੇ ਵੀ ਇਸ ਬਾਰੇ ਸੋਚ ਲੈਣ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨਾਲ ਗੱਠਜੋੜ ਵਿੱਚ ਤੀਜੇ ਥਾਂ ਰਹਿ ਕੇ ਸਰਕਾਰ ਬਣਾਉਣਾ ਕਾਂਗਰਸ ਨੂੰ ਦਫਨਾਉਣ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਮਜਬੂਤੀ ਸਰਕਾਰ ਵਿੱਚ ਸ਼ਾਮਲ ਹੋਣ ਵਿੱਚ ਨਹੀਂ, ਸਗੋਂ ਵਿਰੋਧੀ ਧਿਰ ਵਿੱਚ ਰਹਿ ਕੇ ਲੋਕ ਮੁੱਦੇ ਉਠਾਉਣ ਵਿੱਚ ਹੈ।
ਗੱਠਜੋੜ ਦਾ ਨਾਂਅ ਮਹਾਂ ਵਿਕਾਸ ਅਗਾੜੀ (ਪ੍ਰੋਗਰੈਸਿਵ ਅਲਾਇੰਸ) ਹੋਵੇਗਾ
ਕਾਂਗਰਸ, ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਹਾਂ ਕਹੇ ਜਾਣ ਤੋਂ ਬਾਅਦ ਸ਼ਿਵ ਸੈਨਾ ਦੀ ਅਗਵਾਈ ਹੇਠ ਸਰਕਾਰ ਬਣਨ ਦਾ ਰਸਤਾ ਸਾਫ ਹੋ ਰਿਹਾ ਹੈ। ਦਿੱਲੀ ਵਿੱਚ ਹੋਈਆਂ ਉੱਚ ਪੱਧਰੀ ਮੀਟਿੰਗਾਂ ਦੌਰਾਨ ਇਸ ਤਿੰਨ ਪਾਰਟੀ ਗੱਠਜੋੜ ਦਾ ਨਾਂਅ ਮਹਾਂ ਵਿਕਾਸ ਅਗਾੜੀ (ਪ੍ਰੋਗਰੈਸਿਵ ਅਲਾਇੰਸ) ਰੱਖਿਆ ਜਾਵੇਗਾ ਅਤੇ ਇਸ ਦਾ ਮੁੱਖ ਏਜੰਡਾ ਕਿਸਾਨ ਅਤੇ ਵਿਕਾਸ ਹੋਵੇਗਾ। ਸੂਚਨਾ ਅਨੁਸਾਰ ਗੱਠਜੋੜ ਬਣਾਉਣ ਲਈ ਪਿਛਲੇ ਕਈ ਦਿਨਾਂ ਤੋਂ ਦਿੱਲੀ ਬੈਠੇ ਤਿੰਨਾਂ ਪਾਰਟੀਆਂ ਦੇ ਨੇਤਾ ਹੁਣ ਮਹਾਂਰਾਸ਼ਟਰ ਵੱਲ ਕੂਚ ਕਰਨ ਲੱਗੇ ਹਨ।