ਮਲੇਸ਼ੀਆ ‘ਚ ਟੀਕਾਕਰਨ ਕੇਂਦਰ ਬਣਿਆ ਆਫਤ, ਮੈਡੀਕਲ ਸਟਾਫ ਦੇ 200 ਮੈਂਬਰ ਨਿਕਲੇ ਪਾਜ਼ੇਟਿਵ

ਕੁਆਲਾਲੰਪੁਰ: ਮਲੇਸ਼ੀਆ ਨੇ ਮੰਗਲਵਾਰ ਨੂੰ ਇਕ ਵੱਡੇ ਸਮੂਹਿਕ ਟੀਕਾਕਰਨ ਕੇਂਦਰ ਨੂੰ ਬੰਦ ਕਰ ਦਿੱਤਾ।ਅਸਲ ਵਿਚ ਇਸ ਕੇਂਦਰ ਵਿਚ ਕੰਮ ਕਰਨ ਵਾਲੇ 200 ਮੈਡੀਕਲ ਸਟਾਫ ਅਤੇ ਵਾਲੰਟੀਅਰ ਕੋਵਿਡ-19 ਨਾਲ ਪੀੜਤ ਪਾਏ ਗਏ। ਵਿਗਿਆਨ ਮੰਤਰੀ ਖੈਰੀ ਜਮਾਲੁਦੀਨ ਨੇ ਕਿਹਾ ਕਿ ਇਹ ਪਤਾ ਲਗਾਉਣ ਵਿਚ ਮੁਸ਼ਕਲ ਹੋ ਰਹੀ ਹੈ ਕਿ ਇਹ ਇਨਫੈਕਸ਼ਨ ਕੇਂਦਰ ‘ਤੇ ਹੋਇਆ ਹੈ ਜਾਂ ਨਹੀਂ। ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਵੱਲੋਂ ਤੇਜ਼ੀ ਨਾਲ ਕਦਮ ਚੁੱਕੇ ਜਾਣ ਕਾਰਨ ਪ੍ਰਕੋਪ ਰੋਕਣ ਵਿਚ ਸਫਲਤਾ ਮਿਲੀ ਹੈ। ਵਿਗਿਆਨ ਮੰਤਰੀ ਨੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਜਿਹੜੇ ਲੋਕਾਂ ਨੇ ਸ਼ੁੱਕਰਵਾਰ ਤੋਂ ਇਸ ਕੇਂਦਰ ‘ਤੇ ਆਪਣਾ ਟੀਕਾਕਰਨ ਕਰਵਾਇਆ ਹੈ ਉਹ ਖੁਦ ਨੂੰ 10 ਦਿਨਾਂਤੱਕ ਆਈਸੋਲੇਟ ਕਰ ਲੈਣ। ਖੈਰੀ ਜਮਾਲੁਦੀਨ ਦੇਸ਼ ਦੇ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਪ੍ਰਮੁੱਖ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਕੇਂਦਰੀ ਸੂਬੇ ਸੇਲਾਂਗੋਰ ਵਿਚ ਦੋ ਵਾਲੰਟੀਅਰ ਕੋਰੋਨਾ ਪੀੜਤ ਪਾਏ ਗਏ ਸਨ, ਜਿਸ ਮਗਰੋਂ ਉਹਨਾਂ ਨੇ ਸਾਰੇ 453 ਸਿਹਤ ਵਰਕਰਾਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਜਿਹੜੇ 204 ਲੋਕਾਂ ਦੇ ਨਤੀਜੇ ਪਾਜ਼ੇਟਿਵ ਪਾਏ ਗਏ ਹਨ ਉਹਨਾਂ ਵਿਚ ਘੱਟ ਵਾਇਰਸ ਮੌਜੂਦ ਸੀ। ਇਸ ਦਾ ਮਤਲਬ ਹੈ ਕਿ ਉਹਨਾਂ ਦੇ ਸਰੀਰ ਵਿਚ ਵਾਇਰਸ ਦੀ ਮਾਤਰਾ ਬਹੁਤ ਘੱਟ ਸੀ। ਇਸ ਤਰ੍ਹਾਂ ਉਹ ਵਾਇਰਸ ਦੇ ਹਲਕੇ ਲੱਛਣ ਨਾਲ ਪੀੜਤ ਸਨ। ਫਿਲਹਾਲ ਟੀਕਾਕਰਨ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਵੱਡੇ ਪੱਧਰ ‘ਤੇ ਇਸ ਦਾ ਸੈਨੀਟਾਈਜੇਸ਼ਨ ਕੀਤਾ ਜਾ ਸਕੇ। ਇਸ ਦੇ ਇਲਾਵਾ ਇੱਥੇ ਕੰਮ ਕਰਨ ਵਾਲੇ ਲੋਕਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਖੈਰੀ ਜਮਾਲੁਦੀਨ ਨੇ ਕਿਹਾ ਹੈ ਕਿ ਟੀਕਾਕਰਨ ਕੇਂਦਰ ਨੂੰ ਬੁੱਧਵਾਰ ਨੂੰ ਮੁੜ ਖੋਲ੍ਹਿਆ ਜਾਵੇਗਾ। ਉਸ ਦੌਰਾਨ ਇੱਥੇ ਲੋਕਾਂ ਨੂੰ ਟੀਕਾ ਲਗਾਉਣ ਲਈ ਇਕ ਨਵੀਂਟੀਮ ਤਾਇਨਾਤ ਕੀਤੀ ਜਾਵੇਗੀ। 1 ਜੂਨ ਤੋਂ ਲਾਗੂ ਕੀਤੀ ਗਈ ਸਖ਼ਤ ਤਾਲਾਬੰਦੀ ਦੇ ਬਾਅਦ ਵੀ ਮਲੇਸ਼ੀਆ ਵਿਚ ਵਾਇਰਸ ਦਾ ਕਹਿਰ ਜਾਰੀ ਹੈ। ਹੁਣ ਤੱਕ 8,44,000 ਲੋਕ ਵਾਇਰਸ ਨਾਲ ਪੀੜਤ ਪਾਏ ਗਏ ਹਨ ਜਦਕਿ 6200 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੁਣ ਤੱਕ ਸਿਰਫ 11 ਫੀਸਦੀ ਆਬਾਦੀ ਦਾ ਹੀ ਟੀਕਾਕਰਨ ਹੋ ਪਾਇਆ ਹੈ।

1.