ਮਕਾਨ ਦੀ ਛੱਤ ਨੇ ਨਿਗਲੇ ਪਰਿਵਾਰ ਦੇ ਚਾਰ ਜੀਅ

1 / 1

1.

ਪਾਤੜਾਂ  ਜਸਵਿੰਦਰ ਸਿੰਘ
ਸਬ ਡਵੀਜਨ ਪਾਤੜਾਂ ਅਧੀਨ ਆਉਂਦੇ ਪਿੰਡ ਮਤੋਲੀ ਦੇ ਇੱਕ ਗਰੀਬ ਪਰਿਵਾਰ ਉੱਤੇ ਹੋਣੀ ਨੇ ਉਸ ਵਕਤ ਐਸਾ ਕਹਿਰ ਵਰਤਾਇਆ ਜਦੋਂ ਸੋਮਵਾਰ ਨੂੰ ਇਲਾਕੇ ਵਿੱਚ ਪਏ ਭਾਰੀ ਮੀਂਹ ਮਗਰੋਂ ਬੀਤੀ ਰਾਤ  ਮਕਾਨ ਦੀ ਛੱਤ ਡਿੱਗਣ ਕਾਰਨ  ਪਿਤਾ ਸਮੇਤ ਤਿੰਨ ਬੱਚਿਆਂ ਦੀ ਮੌਤ ਹੋ ਗਈ  । ਘਟਨਾ ਦਾ ਪਤਾ ਲੱਗਦਿਆਂ ਹੀ  ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਪੁਲੀਸ ਚੌਂਕੀ ਠਰੂਆ ਦੇ ਇੰਚਾਰਜ ਪਲਵਿੰਦਰ ਸਿੰਘ ਦੀ ਅਗਵਾਈ ਵਿੱਚ ਮੌਕੇ ਉੱਤੇ ਪੁਲੀਸ ਨੇ ਪਹੁੰਚ ਕੇ  ਪਿੰਡ ਵਾਸੀਆਂ ਦੀ ਮਦਦ ਨਾਲ ਮਲਬੇ ਵਿਚ ਦੱਬੀਆਂ ਹੋਈਆਂ ਲਾਸ਼ਾਂ ਨੂੰ ਬਾਹਰ ਕੱਢਿਆ। ਘਟਨਾ ਦੌਰਾਨ ਬੱਚਿਆਂ ਦੀ ਮਾਂ  ਜਖਮੀ ਹੋ ਗਈ ਜਿਸਨੂੰ ਖਨੌਰੀ ਦੇ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਬਾਰਾਂ ਘੰਟੇ ਬੀਤ ਜਾਣ ਦੇ ਬਾਵਜੂਦ  ਕਿਸੇ ਵੀ ਸਿਵਲ ਅਧਿਕਾਰੀ ਜਾਂ ਰਾਜਨੀਤਕ ਆਗੂ ਦੇ ਮੌਕੇ ਉੱਤੇ ਨਾ ਪਹੁੰਚਣ ਕਾਰਨ ਪਿੰਡ ਵਾਸੀਆਂ ਵਿਚ ਗੁੱਸਾ ਦੇਖਣ ਨੂੰ ਮਿਲਿਆ । ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਾਸੀ ਮੁਖਤਿਆਰ ਸਿੰਘ ਆਪਣੇ ਪਰਿਵਾਰ ਸਮੇਤ ਘਰ ਦੇ ਵਰਾਂਡੇ ਵਿਚ  ਸੁੱਤਾ ਹੋਇਆ ਸੀ ਕਿ ਅਚਾਨਕ ਰਾਤ ਸਾਢੇ ਦੱਸ ਵਜੇ ਦੇ ਕਰੀਬ ਮਕਾਨ ਦੀ ਛੱਤ ਡਿੱਗ ਗਈ। ਵਾਪਰੇ ਹਾਦਸੇ ਦੌਰਾਨ ਮੁਖਤਿਆਰ ਮੁਖਤਿਆਰ ਸਿੰਘ (40) , ਉਸ ਦਾ ਬੇਟਾ ਵੰਸ਼ਦੀਪ ਸਿੰਘ (15) , ਬੇਟੀ  ਸਿਮਰਨਜੀਤ ਕੌਰ (13) ਅਤੇ ਕਮਲਜੀਤ ਕੌਰ  (10) ਦੀ ਮਲਬੇ ਹੇਠਾਂ ਦੱਬ ਜਾਣ ਕਾਰਨ ਮੌਕੇ ਉੱਤੇ ਮੌਤ ਹੋ ਗਈ , ਜਦੋਂ ਕਿ ਉਸਦੀ ਪਤਨੀ  ਸੁਰਿੰਦਰ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਖਨੌਰੀ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ  ਮੁਖਤਿਆਰ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ  ਅਤੇ ਕਈ ਸਾਲ ਪਹਿਲਾਂ  ਬਣੇ ਮਕਾਨ ਵਿੱਚ ਰਹਿੰਦਾ ਸੀ। ਮਕਾਨ ਦੀ ਹਾਲਤ ਮਾੜੀ ਸੀ ਅਤੇ ਬੀਤੇ ਕੱਲ ਕੋਈ ਕਾਲ ਦੀ ਬਰਸਾਤ ਮਗਰੋਂ ਰਾਤ ਨੂੰ ਵਰਾਂਡੇ ਦੀ ਅਚਾਨਕ ਡਿੱਗੀ ਛੱਤ ਨੇ ਪਰਿਵਾਰ ਦੇ ਚਾਰ ਜੀਆਂ ਨੂੰ ਨਿਗਲ ਲਿਆ। ਮਿ੍ਰਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਸਮਾਣਾ ਵਿਖੇ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ। ਹਾਦਸੇ ਦੌਰਾਨ  ਕਮਰੇ ਅੰਦਰ ਪਈਆਂ ਮੁਖਤਿਆਰ ਸਿੰਘ ਦੀ ਮਾਂ ਅਤੇ ਭੈਣ ਵਾਲ ਵਾਲ ਬਚ ਗਈਆਂ।