ਭਾਰਤ ਦੀ ਪੰਜ ਟਿ੍ਰਲੀਅਨ ਡਾਲਰ ਅਰਥ ਵਿਵਸਥਾ ਦਾ ਰਸਤਾ ਵਾਇਆ ਯੂ.ਪੀ. : ਅਮਿਤ ਸ਼ਾਹ

0
246

ਲਖਨੳੂ – ਆਵਾਜ਼ ਬਿੳੂਰੋ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਯੂ.ਪੀ. ਦੇਸ਼ ਦਾ ਉਹ ਰਾਜ ਹੈ, ਜੋ ਭਾਰਤ ਦੀ ਪੰਜ ਟਿ੍ਰਲੀਅਨ ਡਾਲਰ ਅਰਥ ਵਿਵਸਥਾ ਦਾ ਮੁੱਖ ਕੇਂਦਰ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਇਹ ਅਰਥ ਵਿਵਸਥਾ ਵਾਇਆ ਯੂ.ਪੀ. ਮਜਬੂਤੀ ਦੇ ਰਾਹ ਪਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਯੂ.ਪੀ. ਵਿੱਚ ਉਦਯੋਗਾਂ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੀ ਸ਼ੁਰੂਆਤ ਕਰ ਚੁੱਕੀ ਹੈ। ਅਮਿਤ ਸ਼ਾਹ ਨੇ ਇੱਥੇ 65 ਹਜਾਰ ਕਰੋੜ ਰੁਪਏ ਦੀਆਂ ਨਿਵੇਸ਼ ਯੋਜਨਾਵਾਂ ਦਾ ਨੀਂਹ ਪੱਥਰ ਵੀ ਰੱਖਿਆ। ਅਮਿਤ ਸ਼ਾਹ ਨੇ ਇਸ ਮੌਕੇ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਦੋਂ ਇਨ੍ਹਾਂ ਨੂੰ ਦਿੱਲੀ ਵਿੱਚੋਂ ਸੰਸਦ ਮੈਂਬਰ ਹੁੰਦਿਆਂ ਮੁੱਖ ਮੰਤਰੀ ਬਣਾ ਕੇ ਦਿੱਲੀ ਭੇਜਿਆ ਗਿਆ ਸੀ ਤਾਂ ਸਾਰੇ ਇਹੋ ਕਹਿ ਰਹੇ ਸਨ ਕਿ ਇੱਕ ਯੋਗੀ ਸਰਕਾਰ ਕਿਵੇਂ ਚਲਾ ਸਕਦਾ ਹੈ? ਅਮਿਤ ਸ਼ਾਹ ਨੇ ਕਿਹਾ ਕਿ ਲੋਕ ਆਪਣੀ ਥਾਂ ਠੀਕ ਸਨ। ਯੋਗੀ ਅਦਿਤਿਆਨਾਥ ਪਹਿਲਾਂ ਕਦੀ ਮੰਤਰੀ ਨਹੀਂ ਰਿਹਾ। ਉਹ ਸੰਸਦ ਮੈਂਬਰ ਜਰੂਰ ਸੀ, ਪਰ ਅਸਲ ਰੂਪ ਵਿੱਚ ਉਹ ਸੰਨਿਆਸੀ ਸੀ। ਅਮਿਤ ਸ਼ਾਹ ਨੇ ਕਿਹਾ ਕਿ ਯੋਗੀ ਅੱਜ ਵੀ ਸਨਿਆਸੀ ਹੈ, ਪਰ ਸਰਕਾਰ ਚਲਾਉਣ ਦੇ ਮਾਮਲੇ ਵਿੱਚ ਉਸ ਨੇ ਯੂ.ਪੀ. ਦੇ ਹੁਣ ਤੱਕ ਰਹੇ ਮੁੱਖ ਮੰਤਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਮੈਂ ਸਾਲਾਂ ਤੋਂ ਸੁਣਦਾ ਆ ਰਿਹਾ ਹਾਂ ਕਿ ਜੇ ਕਿਸੇ ਨੇ ਪ੍ਰਧਾਨ ਮੰਤਰੀ ਬਣਨਾ ਹੈ ਤਾਂ ਉਸ ਦਾ ਰਸਤਾ ਵਾਇਆ ਲਖਨੳੂ ਦਿੱਲੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਈ ਪ੍ਰਧਾਨ ਮੰਤਰੀ ਵਾਇਆ ਯੂ.ਪੀ. ਹੀ ਪ੍ਰਧਾਨ ਮੰਤਰੀ ਬਣੇ। ਉਨ੍ਹਾਂ ਕਿਹਾ ਕਿ ਅਸੀਂ ਯੂ.ਪੀ. ਨੂੰ ਇੱਕ ਹਜਾਰ ਅਰਬ ਡਾਲਰ ਦੀ ਅਰਥ ਵਿਵਸਥਾ ਬਣਾ ਕੇ ਇਸ ਨੂੰ ਦੇਸ਼ ਦਾ ਸਭ ਤੋਂ ਮੋਹਰੀ ਸੂਬਾ ਬਣਾਉਣਾ ਹੈ।