ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਦੇ ਦੋ ਦਿਨਾਂ ਅੰਦੋਲਨ ਤੋਂ ਬਾਅਦ ਪ੍ਰਵਾਨ ਹੋਈਆਂ ਮੰਗਾਂ

0
211

ਬਠਿੰਡਾ ਰਾਜ ਕੁਮਾਰ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰਾ ਵੱਲੋਂ 7 ਨਵੰਬਰ ਤੋਂ 9 ਦਸੰਬਰ ਤੱਕ ਜੈਤੋ ਚੱਲੇ ਕਿਸਾਨ ਅੰਦੋਲਣ ਦੌਰਾਨ ਮੰਨੀਆਂ ਮੰਗਾਂ ਨੂੰ ਪੂਰੀ ਤਰਾਂ ਲਾਗੂ ਕਰਵਾਉਣ ਲਈ ਫਿਰ ਤੋਂ ਅੰਦੋਲਣ ਦਾ ਐਲਾਨ ਕੀਤਾ ਸੀ, ਪਰ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਕਿਸਾਨ ਜਥੇਬੰਦੀ ਨੂੰ ਮੀਟਿੰਗ ਲਈ ਸਕੱਤਰੇਤ ਚੰਡੀਗੜ ਬੁਲਾਇਆ, ਜਿਸ ਦੌਰਾਨ ਸਕੱਤਰੇਤ ਅਤੇ ਪੰਜਾਬ ਭਵਨ ’ਚ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਹੋਰ ਅਧਿਕਾਰੀਆਂ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਫੈਸਲਾ ਲਿਆ ਗਿਆ ਕਿ ਸਰਕਾਰ ਇੱਕ ਹਫਤੇ ’ਚ ਕਿਸਾਨਾਂ ਦੇ ਮਾਲ ਰਿਕਾਰਡ ’ਚ ਕੀਤੀਆਂ ਲਾਲ ਐਂਟਰੀਆਂ ਰੱਦ ਕਰ ਦੇਵੇਗੀ ਅਤੇ ਕਿਸਾਨਾਂ ’ਤੇ ਪਰਾਲੀ ਸਬੰਧੀ ਦਰਜ਼ ਮੁਕੱਦਮੇ ਅਤੇ ਜ਼ੁਰਮਾਨੇ ਖਤਮ ਕਰਨ ਲਈ ਕਮੇਟੀ ਗਠਤ ਕਰ ਦਿੱਤੀ ਗਈ ਹੈ,ਜੋ ਜਲਦ ਹੀ ਆਪਣੀ ਪ੍ਰਕਿਰਿਆ ਸ਼ੁਰੂ ਕਰਕੇ ਪਾਏ ਜ਼ੁਰਮਾਨੇ ਅਤੇ ਮੁਕੱਦਮੇ ਰੱਦ ਕਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਕਿ ਜੈਤੋ ਮੰਡੀ ’ਚ ਸ਼ਹੀਦ ਹੋਏ ਜਗਸੀਰ ਸਿੰਘ ਦੇ ਬੇਟੇ ਨੂੰ ਵੀ ਇੱਕ ਹਫਤੇ ’ਚ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇਗਾ। ਜਗਸੀਰ ਸਿੰਘ ਦੇ ਪਰਿਵਾਰ ਨੂੰ ਮਿਥੀ ਮਾਲੀ ਮਦਦ ਪੂਰੀ ਮਿਲ ਚੁੱਕੀ ਹੈ, ਪਰ ਕਰਜ਼ੇ ’ਚੋਂ ਰਹਿੰਦਾ ਬਕਾਇਆ ਵੀ ਕੁੱਝ ਦਿਨਾਂ ’ਚ ਖਤਮ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ’ਚ ਜਗਜੀਤ ਸਿੰਘ ਡੱਲੇਵਾਲ, ਮੇਹਰ ਸਿੰਘ ਥੇੜੀ, ਮਾਨ ਸਿੰਘ ਰਾਜਪੁਰਾ, ਕਾਕਾ ਸਿੰਘ ਬਠਿੰਡਾ, ਜਸਵੀਰ ਸਿੰਘ ਸਿੱਧੂਪੁਰਾ, ਹਰਜੀਤ ਸਿੰਘ ਟਹਿਲਪੁਰ, ਮਹਿਤਾਬ ਸਿੰਘ ਗਿੱਲ ਅਤੇ ਹੋਰ ਮੈਂਬਰ ਹਾਜ਼ਰ ਸਨ।