ਭਾਈ ਪੀਐਚਡੀ ਦੀ ਪੰਥ ਦੇ ਹਿਤਾਂ ਲਈ ਦਿੱਤੀ ਸ਼ਹਾਦਤ ਮੀਲ ਪੱਥਰ : ਸਿੰਘ ਸਾਹਿਬ

0
199

ਅੰਮ੍ਰਿਤਸਰ – ਸਰਚਾਂਦ ਸਿੰਘ
ਬੀਤੇ ਦਿਨੀਂ ਪਾਕਿਸਤਾਨ ਵਿਚ ਸ਼ਹਾਦਤ ਪਾ ਗਏ ਨਾਮਵਰ ਸਿਖ ਖਾੜਕੂ ਭਾਈ ਹਰਮੀਤ ਸਿੰਘ ਹੈਪੀ ਪੀ.ਐੱਚ.ਡੀ. ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਸ਼ਹੀਦਗੰਜ, ਬਰਾਂਚ ਦਮਦਮੀ ਟਕਸਾਲ, ਬੀ ਬਲਾਕ (ਰੇਲਵੇ ਕਲੋਨੀ) ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤਾ ਗਿਆ। ਜਿੱਥੇ ਸਮੂਹ ਸੰਘਰਸ਼ਸ਼ੀਲ ਸਿੱਖ ਜਥੇਬੰਦੀਆਂ ਅਤੇ ਪੰਥਕ ਸ਼ਖ਼ਸੀਅਤਾਂ ਨੇ ਇਕੱਤਰ ਹੋਕੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੇ ਹੱਕਾਂ ਲਈ ਆਰੰਭੇ ਸੰਘਰਸ਼ ਦੇ ਸੰਦਰਭ ਅਤੇ ਸੋਚ ਪ੍ਰਤੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਵਿੱਛੜੇ ਆਗੂ ਨੂੰ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ। ਇਸ ਮੌਕੇ ਭਾਈ ਹੈਪੀ ਪੀ ਐੱਚ ਡੀ ਦੇ ਮਾਤਾ ਤੇ ਪਿਤਾ ਸ: ਅਵਤਾਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦਾ ਪੈਗ਼ਾਮ ਸੰਗਤ ਨੂੰ ਸੁਣਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹਾਦਤਾਂ ਨਾਲ ਹੀ ਕੌਮਾਂ ਪ੍ਰਫੁਲਿਤ ਹੁੰਦੀਆਂ ਹਨ।  ਉਨ੍ਹਾਂ ਕਿਹਾ ਕਿ ਭਾਈ ਹੈਪੀ ਪੀਐਚਡੀ ਨੇ ਪੜ੍ਹ ਲਿਖ ਕੇ ਸੰਸਾਰਕ ਸੁੱਖਾਂ ਦੀ ਭਾਲ ਕਰਨ ਦੀ ਥਾਂ ਪੰਥ ਦੇ ਹਿਤਾਂ ਲਈ ਸਰਗਰਮ ਭੂਮਿਕਾ ਅਦਾ ਕਰਦਿਆਂ ਦੇਸ਼ ਤੋਂ ਬਾਹਰ ਸ਼ਹਾਦਤ ਦਿਤੀ ਹੈ ਜੋ ਕਿ ਕੌਮ ਲਈ ਮੀਲ ਪਥਰ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸਿਖ ਇਕ ਮਾਰਸ਼ਲ ਕੌਮ ਹੈ ਅਤੇ ਹਕੂਮਤ ਵੱਲੋਂ ਵਾਅਦੇ ਪੂਰੇ ਕੀਤੇ ਜਾਣ ਜਾਂ ਹੱਕ ਦਿੱਤੇ ਬਿਨਾ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾ ਸਕੇਗਾ।  ਉਨ੍ਹਾਂ ਕਿਹਾ ਕਿ ਸੰਗਤ ਅਤੇ ਸਿਖ ਵਿਰੋਧੀ ਤਾਕਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਮੀ ਹਿਤਾਂ ਲਈ ਸ਼ਹਾਦਤਾਂ ਦਾ ਇਹ ਸਿਲਸਿਲਾ ਰੁਕੇਗਾ ਨਹੀਂ ਸਗੋਂ ਬਾਦਸਤੂਰ ਜਾਰੀ ਰਹੇਗਾ। ਇਸ ਮੌਕੇ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋ: ਬਲਜਿੰਦਰ ਸਿੰਘ, ਸ: ਨਰੈਣ ਸਿੰਘ ਜੌੜਾ, ਸਰਬਤ ਖ਼ਾਲਸਾ ਦੇ ਪੰਥਕ ਆਗੂ ਜਰਨੈਲ ਸਿੰਘ ਸਖੀਰਾ, ਦਲ ਖ਼ਾਲਸਾ ਦੇ ਆਗੂ ਭਾਈ ਦਲਜੀਤ ਸਿੰਘ ਬਿੱਟੂ, ਬੁਲਾਰੇ ਕੰਵਰਪਾਲ ਸਿੰਘ ਬਿੱਟੂ, ਫੈਡਰੇਸ਼ਨ ਆਗੂ ਭਾਈ ਰਣਧੀਰ ਸਿੰਘ, ਕੈਪਟਨ ਹਰਚਰਨ ਸਿੰਘ ਰੋਡੇ, ਗੁਰਨਾਮ ਸਿੰਘ ਬੁੰਡਾਲਾ ਨੇ ਆਪਣੇ ਵਿਚਾਰ ਰੱਖਦਿਆਂ ਅਤੇ ਭਾਈ ਪੀ ਐੱਚ ਡੀ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਭਾਈ ਪੀਐਚਡੀ ਆਪਣੀ ਕੌਮੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਗਏ ਹਨ। ਉਨ੍ਹਾਂ ਕਿਹਾ ਜਦ ਵੀ ਜਾਬਰ ਹਕੂਮਤ ਨੇ ਸਿਖ ਕੌਮ ਨੂੰ ਵੰਗਾਰਿਆ ਸਿਖ ਕੌਮ ਦੇ ਯੋਧਿਆਂ ਨੇ ਵੈਰੀ ਨੂੰ ਲਲਕਾਰਦਿਆਂ ਸੀਸ ਤਲੀ ‘ਤੇ ਧਰਿਆ ਅਤੇ ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰਦਿਆਂ ਸਿਰ ਧਰ ਦੀ ਬਾਜੀ ਲਾਈ। ਆਗੂਆਂ ਨੇ ਕੌਮ ਦੀ ਚੜ੍ਹਦੀ ਕਲਾ ਅਤੇ ਵਿਰੋਧੀ ਤਾਕਤਾਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕ ਸੁਰਤਾ ਇਕ ਜੁਟਤਾ ਦਿਖਾਉਣ ਦੀ ਲੋੜ ‘ਤੇ ਜੋਰ ਦਿਤਾ। ਅਰਦਾਸ ਸਮਾਗਮ ਵਿਚ ਭਾਰੀ ਗਿਣੀ ਸੰਗਤਾਂ ਨੇ ਹਿੱਸਾ ਲਿਆ।