ਬੰਗਾ ਦੇ ਬਜ਼ਾਰ ‘ਚ ਲੱਗੀ ਭਿਆਨਕ ਅੱਗ

0
115

 

ਬੰਗਾ ਰਾਜ ਕੁਮਾਰ ਮਜਾਰੀ
ਆਜ਼ਾਦ ਚੌਕ ਬੰਗਾ ‘ਚ 4 ਦੁਕਾਨਾਂ ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਅੱਗ ਰਾਤ 7 ਵਜੇ ਜਦੋਂ ਲੌਕ ਡਾਊਨ ਕਾਰਨ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਜਾ ਚੁੱਕੇ ਸਨ , ਇੱਕ ਸੁਨਿਆਰੇ ਦੇ ਸ਼ੋਅ ਰੂਮ ਕਾਲਾ ਜਿਊਲਰਜ਼ ਵਿੱਚ ਲੱਗੀ ਜਿਸ ਨੇ ਨਾਲ ਲੱਗਦੀਆਂ ਦੁਕਾਨਾਂ ਬੰਸੀ ਲਾਲ ਵੈਦ ਪ੍ਰਕਾਸ਼ ਰਾਜਨ ਦੀ ਹੱਟੀ ਮਨਿਆਰੀ ਦੀ ਦੁਕਾਨ ਤੇ ਦਰਸ਼ਨ ਬਰਤਨ ਸਟੋਰ ਅਤੇ ਨਾਲ ਇਕ ਕੱਪੜੇ ਦੀ ਦੁਕਾਨ ਨੂੰ ਆਪਣੇ ਲਪੇਟੇ ਵਿੱਚ ਲੈ ਲਿਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਾਇਰ ਬਿ੍ਰਗੇਡ ਦੇ ਪਹੁੰਚਣ ਤੋਂ ਪਹਿਲਾਂ ਸਥਾਨਕ ਲੋਕਾਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਪਾਣੀ ਦੀਆਂ ਬਾਲਟੀਆਂ ਅਤੇ ਨਿਜੀ ਸਲੰਡਰਾਂ ਨਾਲ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਅੱਗ ਨਾਲ ਦੁਕਾਨਦਾਰਾਂ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋਣ ਦਾ ਅਨੁਮਾਨ ਹੈ ।ਇਸ ਲੱਗੀ ਅੱਗ ਨਾਲ਼ ਬਾਕੀ ਬਾਜ਼ਾਰ ਦੇ ਨਜਦੀਕੀ ਦੁਕਾਨਦਾਰਾਂ ਵਿਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਸੀ ਕਿ ਅੱਗ ਵੱਧ ਜਾਂਦੀ ਹੈ ਤਾਂ ਉਹ ਆਪਣਾ ਬਚਾਵ ਕਿਸ ਤਰਾਂ ਕਰਨਗੇ ।ਫਾਇਰ ਬਿ੍ਰਗੇਡ ਅਤੇ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਰਾਤ ਕਰੀਬ 11 ਵਜੇ ਅੱਗ ਤੇ ਲਗਭਗ ਕਾਬੂ ਪਾ ਲਿਆ ਗਿਆ। ਪਰ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਰਾਤ ਭਰ ਤਾਇਨਾਤ ਰਹੀਆਂ । ਅੱਗ ਲੱਗਣ ਦੀ ਖਬਰ ਮਿਲਦੇ ਹੀ ਡੀਐਸਪੀ ਬੰਗਾ ਗੁਰਿੰਦਰਪਾਲ ਸਿੰਘ ਅਤੇ ਐੱਸ.ਐੱਚ.ਓ. ਬੰਗਾ ਸਿਟੀ ਸ੍ਰੀ ਸਤੀਸ਼ ਕੁਮਾਰ ਪੁਲਿਸ ਫੋਰਸ ਨਾਲ ਪਹੁੰਚ ਗਏ ਅਤੇ ਪੁਲੀਸ ਮੁਲਾਜਮਾਂ ਨੇ ਵੀ ਅੱਗ ਬੁਝਾਉਣ ਵਿੱਚ ਮਦਦ ਕੀਤੀ । ਐਸਡੀਐੱਮ ਬੰਗਾ ਵਿਰਾਜ ਤਿੜਕੇ ਵਲੋਂ ਮੌਕੇ ‘ਤੇ ਪਹੁੰਚ ਕੇ ਪੂਰੇ ਮਾਮਲੇ ਦਾ ਜਾਇਜਾ ਲਿਆ। ਇਕ ਫਾਇਰ ਬ੍ਗੇਡ ਕਰਮਚਾਰੀ ਫਗਵਾੜਾ ਸਰਬਜੀਤ ਸਿੰਘ ਦੀ ਬਿਲਡਿੰਗ ਵਿਚ ਦਾਖਲ ਹੁੰਦਿਆਂ ਹੱਥ ਤੇ ਸ਼ੀਸ਼ਾ ਲੱਗਣ ਨਾਲ ਗਹਿਰੀ ਸੱਟ ਲੱਗ ਗਈ, ਜਿਸ ਦਾ ਹਾਲ ਚਾਲ ਐੱਸਡੀਐੱਮ ਨੇ ਹਸਪਤਾਲ ਜਾ ਕੇ ਜਾਣਿਆ । ਸਾਰਾ ਦਿਨ ਬੰਗਾ ਦੇ ਲੋਕਾਂ ਵਿਚ ਇਹ ਚਰਚਾ ਰਹੀ ਕਿ ਦੁਕਾਨਦਾਰਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਿਸ ਤਰ੍ਹਾਂ ਹੋਵੇਗੀ ਪ੍ਰਸ਼ਾਸਨ ਕੋਈ ਮੱਦਦ ਕਰੇਗਾ ਜਾਂ ਦੁਕਾਨਦਾਰ ਇੰਸ਼ੋਰੈਂਸ਼ ਕੰਪਨੀਆਂ ਤੋਂ ਕਲੇਮ ਲੈਣਗੇ। ਫਾਇਰ ਬਿ੍ਰਗੇਡ ਅਫਸਰ ਨਵਾਂਸ਼ਹਿਰ ਅਜੈ ਗੋਇਲ ਨੇ ਫੋਨ ਤੇ ਕਿਹਾ ਕਿ ਲੋਕਾਂ ਦੀ ਹਫੜਾ ਦਫੜੀ , ਹਰਾਸਮੈਂਟ ,ਦੁਖਦਾਈ ਮੌਕੇ ਨੂੰ ਤਮਾਸ਼ਾ ਬਣਾਉਣਾ ਅਤੇ ਫਲਾਈਓਵਰ ਦੇ ਨਿਰਮਾਣ ਕਾਰਜ ਕਰਕੇ ਸਾਡੇ ਕਰਮਚਾਰੀਆਂ ਨੂੰ ਅੱਗ ਬੁਝਾਉਣ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਅੱਗ ਭਜਾਉਣ ਵਿੱਚ ਦੇਰੀ ਵੀ ਹੋਈ । ਐਸਐਚਓ ਥਾਣਾ ਬੰਗਾ ਸਿਟੀ ਸਤੀਸ਼ ਕੁਮਾਰ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਦੁਕਾਨਦਾਰਾਂ ਦੇ ਹੋਏ ਨੁਕਸਾਨ ਅਤੇ ਅੱਗ ਲੱਗਣ ਦੇ ਕਾਰਨ ਦਾ ਪੂਰਾ ਪਤਾ ਲੱਗਣ ਉਪਰੰਤ ਲੋੜੀਂਦੀ ਕਾਰਵਾਈ ਕਰਕੇ ਰਪਟ ਲਿਖੀ ਜਾਵੇਗੀ। ਇੱਥੇ ਇਹ ਵਰਨਣਯੋਗ ਹੈ ਕਿ ਬੰਗਾ ਵਿੱਚ ਫਾਇਰ ਬਿ੍ਰਗੇਡ ਦੀ ਗੱਡੀ ਨਹੀਂ ਹੈ ਇਸ ਘਾਟ ਬਾਰੇ ਇਲਾਕੇ ਦੇ ਲੋਕਾਂ ਦੀ ਮੰਗ ਪ੍ਰਤੀ ਅਦਾਰਾ ‘ਅੱਜ ਦੀ ਆਵਾਜ਼‘ ਵੱਲੋਂ 27 ਅਪ੍ਰੈਲ ਨੂੰ ਪੰੰਨਾ ਨੰਬਰ 11 ‘ਤੇ ਪਹਿਲਾਂ ਹੀ ਖ਼ਬਰ ਲਾਈ ਗਈ ਸੀ।