ਬੀਤੇ ਦਿਨੀਂ ਬਿਜਲੀ ਮੁਲਾਜਮਾਂ ਵੱਲੋਂ ਧਰਨੇ ਦੌਰਾਨ ਸਮਾਜਿਕ ਦੂਰੀ ਨਾ ਰੱਖਣ ਖਿਲਾਫ ਪਰਚਾ ਦਰਜ

0
107

ਬੋਹਾ ਦਰਸ਼ਨ ਹਾਕਮਵਾਲਾ
ਬੋਹਾ ਬਸ ਸਟੈਂਡ ਤੇ ਪੁਲਿਸ ਵੱਲੋਂ ਲਾਏ ਨਾਕੇ ’ਤੇ ਬਿਜਲੀ ਮੁਲਾਜਮਾਂ ਦੀ ਪੁੱਛ ਗਿੱਛ ਨੂੰ ਲੈ ਕੇ ਪੁਲੀਸ ਤੇ ਬਿਜਲੀ ਮੁਲਾਜ਼ਮਾ ਵਿਚਕਾਰ ਹੋਈ ਤਕਰਾਰ ਅੱਜ ਉਸ ਸਮੇਂ ਨਵਾਂ ਮੌੜ ਲੈ ਲਿਆ ਜਦੋਂ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋਣ ਤੋਂ ਦੋ ਦਿਨ ਬਾਅਦ ਥਾਣਾ ਬੋਹਾ ਵੱਲੋਂ ਦੋ ਜੇ.ਈ. ਚਾਰ ਲਾਈਨਮੈਨਾਂ ਸਮੇਤ 10 ਤੋਂ ਵੱਧ ਬਿਜਲੀ ਮੁਲਾਜ਼ਮਾਂ ਖਿਲਾਫ ਧਰਨੇ ਸਮੇ ਸਮਾਜਿਕ ਦੂਰੀ ਨਾ ਬਣਾਈ ਰੱਖਣ ਸੰਬਧੀ ਪਰਚਾ ਦਰਜ਼ ਕਰ ਦਿੱਤਾ ਗਿਆ ਹੈ । ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਦਫਤਰ ਅੱਗੇ ਧਰਨਾ ਲਗਾ ਕੇ ਬੋਹਾ ਪੁਲੀਸ ਤੇ ਦੋਸ਼ ਲਾਇਆ ਸੀ ਕਿ ਥਾਣਾ ਬੋਹਾ ਵੱਲੋਂ ਬੱਸ ਅੱਡਾ ਬੋਹਾ ਤੇ ਲਾਏ ਨਾਕੇ ’ਤੇ ਬਿਜਲੀ ਮੁਲਾਜ਼ਮਾਂ ਨੂੰ ਬਿਨਾਂ ਗੱਲ ਤੋਂ ਰੋਕ ਕੇ ਤੰਗ ਪ੍ਰੇਸ਼ਾਨ ਕੀਤਾ ਜਾਂ ਰਿਹਾ ਹੈ।ਜਿਸ ਤੋਂ ਨਿਰਾਸ਼ ਬਿਜਲੀ ਮੁਲਾਜਮਾਂ ਨੇ ਪੁਲਿਸ ਖਿਲਾਫ ਧਰਨਾ ਲਗਾ ਦਿੱਤਾ ਸੀ। ਧਰਨਾਕਾਰੀਆਂ ਵਿੱਚ ਸ਼ਾਮਲ ਜੇ.ਈ.ਰਜਿੰਦਰ ਸਿੰਘ,ਮਹਾਂ ਸਿੰਘ ਰਾਏਪੁਰ ਆਦਿ ਨੇ ਕਿਹਾ ਕਿ ਧਰਨੇ ਸਮੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪੂਰੀ ਤਰ੍ਹਾ ਪਾਲਣਾ ਕੀਤੀ ਗਈ ਸੀ ਅਤੇ ਧਰਨਾ ਪੂਰੀ ਤਰਾਂ ਸ਼ਾਤਮਈ ਸੀ । ਇਸ ਮੌਕੇ ਤੇ ਬਿਜਲੀ ਮੁਲਾਜ਼ਮਾ ਵੱਲੋਂ ਥਾਣੇ ਵੱਲ ਬਿਜਲੀ ਬਿਲ ਦਾ ਪੰਜ ਲੱਖ 59 ਹਜਾਰ ਬਕਾਇਆ ਹੋਣ ’ਤੇ ਥਾਣੇ ਦਾ ਬਿਜਲੀ ਮੀਟਰ ਵੀ ਪੁੱਟ ਦਿੱਤਾ ਗਿਆ ਸੀ ਪਰ ਉਪ ਪੁਲਸ ਕਪਤਾਨ ਬਲਜਿੰਦਰ ਸਿਘ ਪੰਨੂ ਨੇ ਬਿਜਲੀ ਦਫਤਰ ਵਿਚ ਪਹੁੰਚ ਕੇ ਇਹ ਵਿਸ਼ਵਾਸ਼ ਦਿਵਾਇਆ ਸੀ ਕਿ ਪੁਲੀਸ ਮੁਲਾਜ਼ਮ ਬਿਜਲੀ ਮੁਲਾਜ਼ਮਾਂ ਨੂੰ ਚੈਕਿੰਗ ਦੇ ਨਾਂ ਬਿਨਾਂ ਕਾਰਨ ਤੰਗ ਪ੍ਰੇਸ਼ਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਡੀ. ਐਸ. ਪੀ ਵੱਲੋਂ ਵਿਸ਼ਵਾਸ ਦਿਵਾਏ ਜਾਣ ਤੇ ਜਨਤਕ ਹਿੱਤਾਂ ਨੂੰ ਮੁਖ ਰੱਖਦਿਆਂ ਬਿਜਲੀ ਦਾ ਮੀਟਰ ਦੁਬਾਰਾ ਲਾ ਦਿੱਤਾ ਗਿਆ ਸੀ ਪਰ ਅੱਜ ਜਿਵੇਂ ਹੀ ਉਕਤ ਬਿਜਲੀ ਮੁਲਾਜਮਾਂ ਨੂੰ ਅਪਣੇ ਤੇ ਦਰਜ ਹੋਏ ਪਰਚੇ ਸੰਬੰਧੀ ਪਤਾ ਲੱਗਾ ਤਾਂ ਬਿਜਲੀ ਮੁਲਾਜਮਾਂ ਵਿੱਚ ਮੁੜ ਰੋਸ ਦੀ ਲਹਿਰ ਦੌੜ ਗਈ ਅਤੇ ਉਹ ਆਪਣਾ ਕੰਮਕਾਜ ਛੱਡਕੇ ਦੁਬਾਰਾ ਫਿਰ ਧਰਨੇ ਤੇ ਬੈਠ ਗਏ।ਜਿਸ ਕਾਰਨ ਪੁਲਿਸ ਅਤੇ ਬਿਜਲੀ ਮੁਲਾਜਮਾਂ ਦਾ ਇਹ ਵਿਵਾਦ ਮੁੜ ਭੱਖਣ ਦੇ ਖਦਸ਼ੇ ਹਨ। ਧਰਨਾਾਕਾਰਆਂ ਨੇ ਆਖਿਆ ਕਿ ਜੇਕਰ ਸਾਡੇ ਤੇ ਦਰਜ ਕੀਤੇ ਪਰਚੇ ਰੱਦ ਨਾ ਕੀਤੇ ਗਏ ਤਾਂ ਇਹ ਧਰਨਾ ਸਬ ਡਵੀਜਨ ਜਾਂ ਜਿਲਾ ਪੱਧਰ ਤੇ ਵੀ ਦਿੱਤਾ ਜਾ ਸਕਦਾ ਹੈ।