ਬਠਿੰਡਾ ਏਮਜ਼ ਸ਼ੁਰੂ ਕਰਨ ’ਚ ਪੰਜਾਬ ਸਰਕਾਰ ਅੜਿੱਕੇ ਡਾਹੁਣ ਲੱਗੀ : ਹਰਸਿਮਰਤ ਬਾਦਲ

0
519

ਏਮਜ਼ ਨੂੰ ਬਿਜਲੀ ਸਪਲਾਈ ਦੇਣ ਲਈ ਸ਼ਰਤਾਂ ਕੀਤੀਆਂ ਸਖ਼ਤ
ਬੁਢਲਾਡਾ – ਪੰਕਜ ਰਾਜੂ, ਦਵਿੰਦਰ ਸਿੰਘ ਕੋਹਲੀ
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਸ਼੍ਰੀ ਗੁਰੁ ਤੇਗ ਬਹਾਦਰ ਸਟੇਡੀਅਮ ਬੁਢਲਾਡਾ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲਵਾ ਖੇਤਰ ਚ ਫੈਲੀ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਖਾਤਮੇ ਲਈ ਕੇਂਦਰ ਸਰਕਾਰ ਵੱਲੋਂ ਬਠਿੰਡਾ ਵਿਖੇ ਅਰਬਾਂ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਜਾ ਰਹੇ ਏਮਜ ਹਸਪਤਾਲ ਦੀ ਜਲਦ ਸ਼ੁਰੂਆਤ ਕਰਵਾਉਣ ਚ ਪੰਜਾਬ ਸਰਕਾਰ ਅੜਿੱਕੇ ਡਾਹੁਣ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ 29 ਸਤੰਬਰ ਨੂੰ ਇਸ ਹਸਪਤਾਲ ਦੀ ਓ.ਪੀ.ਡੀ ਦੇ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਕੀਤਾ ਜਾਣਾਂ ਸੀ ਪਰ ਮੌਜੂਦਾ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਵੱਲੋਂ ਛੋਟੇ-ਛੋਟੇ ਕੰਮਾਂ ਵਿੱਚ ਵੱਡੇ-ਵੱਡੇ ਅੜਿੱਕੇ ਲਾ ਕੇ ਇਹ ਉਦਘਾਟਨ ਨਹੀਂ ਹੋਣ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਲਗਭਗ 17 ਏਮਜ ਹਸਪਤਾਲ ਸਥਾਪਤ ਹਨ, ਜਿਨ੍ਹਾਂ ਨੁੂੰ ਬਿਜਲੀ ਦੇਣ ਦਾ ਪ੍ਰਬੰਧ ਸੂਬਾ ਸਰਕਾਰਾਂ ਕਰਦੀਆਂ ਹਨ ਪਰ ਪੰਜਾਬ ਦੀ ਮੌਜੂਦਾ ਸਰਕਾਰ ਨੇ ਅਜਿਹਾ ਨਿਯਮ ਬਣਾ ਦਿੱਤਾ ਹੈ ਕਿ ਬਠਿੰਡਾ ਏਮਜ਼ ਹਸਪਤਾਲ ਲਈ ਦਿੱਤੇ ਬਿਜਲੀ ਦੇ ਗਰਿੱਡ ਤੇ ਮੇਨਟੀਨੈੱਸ ਤੋਂ ਇਲਾਵਾ ਮੁਰੰਮਤ ਦਾ ਖਰਚਾ ਹਸਪਤਾਲ ਅਥਾਰਟੀ ਨੂੰ ਦੇਣਾ ਪਵੇਗਾ। ਇਸ ਮੌਕੇ ਦੌਰੇ ਦੌਰਾਨ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਸਰਕਲ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਕੁਲਾਣਾ, ਹਰਮੇਲ ਸਿੰਘ ਕਲੀਪੁਰ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਵਪਾਰੀ ਆਗੂ ਸ਼ਾਮ ਲਾਲ ਧਲੇਵਾਂ, ਸ਼ਹਿਰੀ ਪ੍ਰਧਾਨ ਰਘਵੀਰ ਸਿੰਘ ਚਹਿਲ, ਰਾਜਿੰਦਰ ਬਿੱਟੂ ਚੌਧਰੀ, ਸ਼ਹਿਰੀ ਯੂਥ ਪ੍ਰਧਾਨ ਤਨਜੋਤ ਸਿੰਘ ਸਾਹਨੀ, ਕਰਮਜੀਤ ਸਿੰਘ ਮਾਘੀ , ਸੁਭਾਸ਼ ਵਰਮਾ, ਦਰਸ਼ਨ ਸਿੰਘ ਮੰਡੇਰ ਆਦਿ ਮੌਜੂਦ ਸਨ।ਸਟੇਡੀਅਮ ਕਮੇਟੀ ਦੇ ਪ੍ਰਧਾਨ ਪ੍ਰਵੀਨ ਕੁਮਾਰ ਗੁੜੱਦੀ ਵਾਲੇ, ਮੈਨੇਜਰ ਬਚਿੱਤਰ ਸਿੰਘ, ਸੱਤਪਾਲ ਸਿੰਘ ਕਟੌਦੀਆ, ਐਡਵੋਕੇਟ ਓਮਰਿੰਦਰ ਸਿੰਘ,ਸਤਵੀਰ ਸਿੰਘ ਬਰ੍ਹੇਂ ਵੱਲੋਂ ਸਟੇਡੀਅਮ ਦੀ ਕਾਇਆ ਕਲਪ ਕਰਨ ਸਬੰਧੀ ਰੱਖੀ ਮੰਗ ਤੇ ਕੇਂਦਰੀ ਮੰਤਰੀ ਬਾਦਲ ਨੇ ਜਲਦ ਲੋੜੀਦੀ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ।ਇਸ ਉਪਰੰਤ ਬੀਬੀ ਬਾਦਲ ਨੇ ਅਹਿਮਦਪੁਰ ਦੇ ਅਕਾਲੀ ਆਗੂ ਗੁਰਤੇਜ ਸਿੰਘ ਦੀ ਮਾਤਾ ਦੀ ਮੌਤ ਅਤੇ ਬੁਢਲਾਡਾ ਵਿਖੇ ਗੁਰਪਾਲ ਸਿੰਘ ਠੇਕੇਦਾਰ ਦੇ ਭਤੀਜੇ ਦੀ ਮੌਤ ਸਬੰਧੀ ਉਨ੍ਹਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ।