ਫੌਜ ਤਾਂ 2001 ਅਤੇ 2008 ’ਚ ਵੀ ਪਾਕਿ ’ਤੇ ਹਮਲੇ ਲਈ ਤਿਆਰ ਸੀ, ਕਾਂਗਰਸ ਨੇ ਰੋਕੀ : ਧਨੋਆ

0
202

ਨਵੀਂ ਦਿੱਲੀ – ਆਵਾਜ਼ ਬਿੳੂਰੋ
ਹਵਾਈ ਸੈਨਾ ਦੇ ਸਾਬਕਾ ਮੁਖੀ ਬੀਐਸ ਧਨੋਆ ਨੇ ਕਿਹਾ ਕਿ 2001 ਵਿੱਚ ਸੰਸਦ ਉੱਤੇ ਹੋਏ ਅੱਤਵਾਦੀ ਹਮਲੇ ਅਤੇ 2008 ਵਿੱਚ ਮੁੰਬਈ ਅੱਤਵਾਦੀ ਧਮਾਕੇ ਸਮੇਂ, ਭਾਰਤੀ ਹਵਾਈ ਫੌਜ ਪਾਕਿਸਤਾਨ ਵਿੱਚ ਇੱਕ ਅੱਤਵਾਦੀ ਕੈਂਪ ਉੱਤੇ ਹਵਾਈ ਹਮਲੇ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਮੌਕੇ ਦੀਆਂ ਸਰਕਾਰਾਂ ਨੇ ਇਜਾਜ਼ਤ ਨਹੀਂ ਸੀ ਦਿੱਤੀ। ਧਨੋਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 26/11 ਦੇ ਹਮਲੇ ਤੋਂ ਬਾਅਦ ਏਅਰਫੋਰਸ ਪੂਰੀ ਤਰ੍ਹਾਂ ਤਿਆਰ ਸੀ, ਪਰ ਸਰਕਾਰ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ। ਉਸ ਨੇ ਇਹ ਗੱਲ ਮੁੰਬਈ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਵਿਦਿਆਰਥੀਆਂ ਅਤੇ ਹੋਰਾਂ ਨੂੰ ਸੰਬੋਧਨ ਕਰਦਿਆਂ ਕਹੀ।ਉਨ੍ਹਾਂ ਕਿਹਾ ਕਿ ਸਾਨੂੰ ਪਤਾ ਸੀ ਕਿ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ ਟ੍ਰੇਨਿੰਗ ਕੈਂਪ ਹਨ। ਇਨ੍ਹਾਂ ਕੈਂਪਾਂ ਦੀ ਲੋਕੇਸ਼ਨ ਦਾ ਪਤਾ ਸੀ। ਅਸੀਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਤਿਆਰ ਸੀ। ਪਰ ਇਹ ਇਕ ਰਾਜਨੀਤਿਕ ਫ਼ੈਸਲਾ ਸੀ ਕਿ ਹਮਲਾ ਕਰਨਾ ਹੈ ਜਾਂ ਨਹੀਂ। ਬੀਐਸ ਧਨੋਆ 31 ਦਸੰਬਰ, 2016 ਤੋਂ 30 ਸਤੰਬਰ, 2019 ਤੱਕ ਭਾਰਤੀ ਹਵਾਈ ਸੈਨਾ ਦੇ ਮੁਖੀ ਰਹੇ। ਉਨ੍ਹਾਂ ਕਿਹਾ ਕਿ 2001 ਵਿੱਚ ਦੇਸ਼ ਦੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੀ ਹਵਾਈ ਸੈਨਾ ਨੇ ਪਾਕਿਸਤਾਨ ਵਿਰੁੱਧ ਹਵਾਈ ਹਮਲੇ ਦੀ ਗੱਲ ਕੀਤੀ ਸੀ ਪਰ ਤਤਕਾਲੀ ਸਰਕਾਰ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਧਨੋਆ ਨੇ ਕਿਹਾ ਕਿ ਅਸ਼ਾਂਤੀ ਅਤੇ ਅੱਤਵਾਦ ਹੀ ਪਾਕਿਸਤਾਨ ਦੇ ਹਥਿਆਰ ਹਨ। ਜੇ ਸ਼ਾਂਤੀ ਸਥਾਪਤ ਹੁੰਦੀ ਹੈ ਤਾਂ ਪਾਕਿਸਤਾਨ ਬਹੁਤ ਸਾਰੀਆਂ ਸਹੂਲਤਾਂ ਗੁਆ ਦੇਵੇਗਾ।