ਪੰਜਾਬ ‘ਚ ਅਗਲੇ ਦੋ ਸਾਲਾਂ ਦੌਰਾਨ 4 ਮੈਡੀਕਲ ਕਾਲਜ ਸ਼ੁਰੂ ਹੋਣਗੇ : ਸਿੱਧੂ

0
200

ਜਲੰਧਰ – ਹਰਪ੍ਰੀਤ ਸਿੰਘ ਲੇਹਿਲ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਗਲੇ ਦੋ ਸਾਲਾਂ ਦੌਰਾਨ 4 ਮੈਡੀਕਲ ਕਾਲਜ ਸ਼ੁਰੂ ਹੋਣ ਨਾਲ ਪੰਜਾਬ ਮੈਡੀਕਲ ਸਿੱਖਿਆ ਦਾ ਹੱਬ ਬਣ ਜਾਵੇਗਾ। ਬਿਲਗਾ ਵਿਖੇ ਚੈਰੀਟੇਬਲ ਐਮ.ਐਲ.ਟੀ. ਫਿਜੀਓਮਡ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਸ੍ਰੀ ਬਲਬੀਰ ਸਿੱਧੂ ਨੇ ਕਿਹਾ ਕਿ ਮੋਹਾਲੀ, ਕਪੂਰਥਲਾ ,ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿਖੇ ਮੈਡੀਕਲ ਕਾਲਜਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਆਉਂਦੇ ਦੋ ਸਾਲਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਮੈਡੀਕਲ ਕਾਲਜ ਦੀਆਂ ਕਲਾਸਾਂ ਅਗਲੇ ਕੁਝ ਮਹੀਨਿਆਂ ਦੌਰਾਨ ਸ਼ੁਰੂ ਹੋ ਜਾਣਗੀਆਂ ਅਤੇ ਬਾਕੀ ਰਹਿੰਦੇ ਤਿੰਨ ਕਾਲਜਾਂ ਸਥਾਪਿਤ ਕਰਨ ਲਈ ਜਮੀਨ ਦਾ ਮਸਲਾ ਹੱਲ ਕੀਤਾ ਜਾ ਚੁੱਕਾ ਹੈ ਤੇ ਪ੍ਰੋਜੈਕਟ ਰਿਪੋਰਟ ਤਿਆਰ ਹੋ ਚੁੱਕੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਤਹਿਤ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਲਈ ਆਯੂਸ਼ਮਾਨਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 470 ਹਸਪਤਾਲਾਂ ਨੂੰ ਇਸ ਸਕੀਮ ਅਧੀਨ ਸੂਚੀ ਬੱਧ ਕੀਤਾ ਗਿਆ ਹੈ ਅਤੇ 1.05 ਲੱਖ ਲੋਕਾਂ ਦੀ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ ਅਤੇ ਇਕ ਮਹੀਨੇ ਦੇ ਵਿੱਚ ਵਿੱਚ ਹਸਪਤਾਲਾਂ ਨੂੰ ਬਣਦੀ ਅਦਾਇਗੀ ਕਰ ਦਿੱਤੀ ਜਾਵੇਗੀ। ਸ੍ਰੀ ਸਿੱਧੂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਵਲੋਂ 3000 ਸਬ ਸੈਂਟਰਾਂ ਨੂ ਸਿਹਤ ਅਤੇ ਵੈਲਨੈਸ ਸੈਂਟਰ ਵਲੋਂ ਅਪਗ੍ਰੇਡ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਜਿਥੇ ਸਿਖਿਅਤ ਨਰਸਿੰਗ ਅਫ਼ਸਰਾਂ ਵਲੋਂ ਕਮਿਊਨਟੀ ਸਿਹਤ ਅਫ਼ਸਰ ਵਲੋਂ ਵਧੀਆ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਸੂਬੇ ਵਿੱਚ ਵਧੀਆ ਸਿਹਤ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਸਰਗਰਮ ਭੂਮਿਕਾ ਨਿਭਾਈ ਜਾਵੇ। ਉਨ੍ਹਾਂ ਕਿਹਾ ਡਾਕਟਰੀ ਪੇਸ਼ੇ ਨੂੰ ਸਦੀਆਂ ਤੋਂ ਹੀ ਮਾਨਵਤਾ ਦੀ ਭਲਾਈ ਵਾਲਾ ਸਮਝਿਆ ਜਾਂਦਾ ਰਿਹਾ ਹੈ ਅਤੇ ਇਸ ਲਈ ਸਾਨੂੰ ਸਭ ਨੂੰ ਇਸ ਖੇਤਰ ਦੀ ਪੁਰਾਤਨ ਸ਼ਾਨ ਨੂੰ ਬਹਾਲ ਰੱਖਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਸਿੱਧੂ ਦੇ ਨਾਲ ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸਨ ਸ੍ਰੀ ਜਗਬੀਰ ਸਿੰਘ ਬਰਾੜ ਮੌਜੂਦ ਸਨ ਵਲੋਂ ਮੁੱਢਲੇ ਸਿਹਤ ਕੇਂਦਰ ਬਿਲਗਾ ਵਿਖੇ ਡਾਕਟਰੀ ਸਹੂਲਤਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦੁਆਇਆ ਕਿ ਜਲਦੀ ਹੀ ਇਥੇ ਐਕਸਰੇ ਦੀ ਸਹੂਨਤ ਵੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸ੍ਰੀ ਸਿੱਧੂ ਵਲੋਂ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ ਓਨਟਾਰੀਓ ਕੈਨੇਡਾ ਸ੍ਰੀਮਤੀ ਨੀਨਾ ਟਾਂਗਰੀ ਅਤੇ ਸ੍ਰੀ ਅਸ਼ਵਨੀ ਟਾਂਗਰੀ ਨੂੰ ਸੂਬੇ ਵਿੱਚ ਮਲਟੀਸਪੈਸ਼ਿਟੀ ਹਸਪਤਾਲ ਖੋਲ੍ਹਣ ਦੀ ਯੋਜਨਾ ਨੂੰ ਪੂਰਾ ਸਹਿਯੋਗ ਤੇ ਮਦਦ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ.ਗੁਰਵਿੰਦਰ ਕੌਰ ਚਾਵਲਾ, ਸਹਾਇਕ ਸਿਵਲ ਸਰਜਨ ਡਾ.ਗੁਰਮੀਤ ਕੌਰ ਦੁੱਗਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ, ਐਪਡੀਮੋਲੋਜਿਸਟ ਡਾ. ਸਤੀਸ਼ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।