ਪੀਟੀਏ ਫੰਡ ਦੇ ਵਿਆਜ ਦਾ ਪੈਸਾ ਸਰਕਾਰੀ ਖਜਾਨੇ ’ਚ ਜਮਾ ਕਰਵਾਉਣ ਦਾ ਵਿਰੋਧ

0
44

ਸ੍ਰੀ ਮੁਕਤਸਰ ਸਾਹਿਬ ਭਜਨ ਸਿੰਘ ਸਮਾਘ
ਪੀਟੀਏ ਫੰਡ ਦੇ ਵਿਆਜ ਦਾ ਪੈਸਾ ਸਰਕਾਰੀ ਖਜਾਨੇ ’ਚ ਜਮਾਂ ਕਰਵਾਉਣ ਦੇ ਕੱਢੇ ਨੋਟਿਸ ਦਾ ਵਿਰੋਧ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਲੀ ਕੀਤੀ ਗਈ। ਇਸ ਮੌਕੇ ਵਿਦਿਆਰਥੀ ਆਗੂ ਸਤਵੀਰ ਕੌਰ ਭਾਗਸਰ ਤੇ ਰਾਜਵਿੰਦਰ ਖੋਖਰ ਨੇ ਕਿਹਾ ਕਿ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਤੋਂ ਵਸੂਲੀਆਂ ਜਾਂਦੀਆਂ ਫੀਸਾਂ ਤੋਂ ਪ੍ਰਾਪਤ ਵਿਆਜ ਰਾਸ਼ੀ ਸਰਕਾਰੀ ਖਜਾਨਿਆਂ ਵਿੱਚ ਜਮਾਂ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖਿਆ ਦਾ ਨਿੱਜੀਕਰਨ ਕਰਨ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਪੀਟੀਏ ਫੰਡ ਦਾ ਪੈਸਾ ਵਿਦਿਆਰਥੀਆਂ ਦੇ ਲਈ ਹੀ ਵਰਤਿਆ ਜਾਣਾ ਚਾਹੀਦਾ ਨਾ ਕਿ ਖਜਾਨੇ ’ਚ ਜਮ੍ਹਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਡਾਇਰੈਕਟਰ ਸਿੱਖਿਆ ਵਿਭਾਗ ਪਰਮਜੀਤ ਸਿੰਘ ਨੇ ਸਮੂਹ ਸਰਕਾਰੀ ਕਾਲਜਾਂ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਵਿਦਿਆਰਥੀਆਂ ਦੀਆਂ ਫੀਸਾਂ ਦਾ ਵਿਆਜ ਖਜਾਨੇ ਵਿੱਚ ਜਮਾਂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਲਜ ਦੇ ਹਿਸਾਬ-ਕਿਤਾਬ ਵਾਲੇ ਸਾਰੇ ਖਾਤੇ ਬੰਦ ਕਰ ਕੇ ਵਿੱਤ ਵਿਭਾਗ ਨੂੰ ਕੇਵਲ ਕਾਲਜਾਂ ਦੇ ਛੇ ਖਾਤਿਆਂ ਨੂੰ ਹੀ ਚਲਾਉਣ ਲਈ ਕਿਹਾ ਹੈ। ਕਾਲਜਾਂ ਵੱਲੋਂ ਵਿਦਿਆਰਥੀਆਂ ਤੋਂ ਵਸੂਲਿਆਂ ਜਾਣ ਵਾਲਾ ਪੀਟੀਏ ਫੰਡ, ਗੈਸਟਰ ਫੈਕਲਟੀ ਫੰਡ ਤੋਂ ਪ੍ਰਾਪਤ ਵਿਆਜ ਸਰਕਾਰੀ ਖਜਾਨੇ ਵਿੱਚ ਜਮਾਂ ਨਹੀਂ ਕਰਵਾਇਆ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਉਹ ਫੀਸਾਂ ਦਾ ਫੰਡ ਕਾਲਜ ਵਿੱਚ ਹੀ ਵਿਦਿਆਰਥੀਆਂ ’ਤੇ ਵਰਤਿਆ ਜਾਵੇ। ਇਸ ਮੌਕੇ ਵਿਦਿਆਰਥੀ ਆਗੂ ਗੁਰਦਿੱਤ ਸਿੰਘ ਅਤੇ ਸਤਵੀਰ ਕੌਰ ਸੋਨੀ ਨੇ ਕਿਹਾ ਕਿ ਸਰਕਾਰ ਸਿੱਖਿਆ ਦਾ ਨਿੱਜੀਕਰਨ ਕਰ ਰਹੀ ਹੈ। ਸਿੱਖਿਆ ਨੂੰ ਪ੍ਰਾਈਵੇਟ ਹੱਥਾਂ ’ਚ ਸੌਂਪ ਕੇ ਮਾਪਿਆਂ ’ਤੇ ਆਰਥਿਕ ਬੋਝ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਤਰ੍ਹਾਂ ਕਰਕੇ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਕਰ ਰਹੀ ਹੈ ਤੇ ਵਿਦਿਆਰਥੀਆਂ ਦੇ ਹੱਕਾਂ ਉੱਪਰ ਡਾਕਾ ਮਾਰ ਰਹੀ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੱਚੇ ਪ੍ਰੋਫੈਸਰਾਂ ਨੂੰ ਪੱਕਾ ਕਰ ਕੇ ਤਨਖਾਹਾਂ ਸਰਕਾਰ ਆਪਣੇ ਖਜਾਨਿਆਂ ਵਿੱਚੋਂ ਦੇਵੇ। ਇਸ ਮੌਕੇ ਅਰਸ਼, ਮੁਕੇਸ਼,
ਰੋਬਿਨ, ਸਤਿੰਦਰ, ਮਨਿੰਦਰ, ਰੁਪਿੰਦਰ ਕੌਰ, ਮਨਦੀਪ ਕੌਰ, ਜਸਪ੍ਰੀਤ ਕੌਰ ਆਦਿ ਆਗੂ ਸ਼ਾਮਿਲ ਸਨ।