ਨੌਜਵਾਨ ਵੱਲੋਂ ਪਰਿਵਾਰ ਦੇ 5 ਜੀਆਂ ਦੇ ਕਤਲ ਤੋਂ ਬਾਅਦ ਖੁਦਕਸ਼ੀ

0
510

ਬਾਘਾ ਪੁਰਾਣਾ -ਸੰਦੀਪ ਬਾਘੇਵਾਲੀਆ
ਸਥਾਨਕ ਕਸਬੇ ਨੱਥੂਵਾਲਾ ਗਰਬੀ ਵਿਚ ਵਸਦੇ ਰਸਦੇ ਪਰਿਵਾਰ ਦੇ ਇਕਲੌਤੇ ਨੌਜਵਾਨ ਨੇ ਆਪਣੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਅਤੇ ਖੁਦ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਮੌਕੇ ਤੇ ਪਹੁੰਚ ਕੇ ਪ੍ਰਾਪਤ ਕੀਤੀ ਜਾਣਕਾਰੀ ਦੇ ਅਨੁਸਾਰ ਪਿੰਡ ਵਿੱਚ ਨਾਮੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਉਮਰ 25 ਸਾਲ ਕੌਮ ਜੱਟ ਸਿੱਖ ਨੇ ਅੱਧੀ ਰਾਤ ਨੂੰ ਇਸ ਦੁਖਦਾਈ ਘਟਨਾ ਨੂੰ ਅੰਜ਼ਾਮ ਦਿੱਤਾ। ਜਿਸ ਵਿੱਚ ਉਕਤ ਨੌਜਵਾਨ ਨੇ ਆਪਣੇ ਪਿਤਾ ਮਨਜੀਤ ਸਿੰਘ (60), ਮਾਤਾ ਬਿੰਦਰ ਕੌਰ ਉਮਰ 58 ਸਾਲ, ਭੈਣ ਅਮਨਜੋਤ ਕੌਰ 30 ਸਾਲ, ਭਾਣਜੀ ਅਮਨੀਤ ਕੌਰ 4 ਸਾਲ , ਦਾਦੀ ਗੁਰਦੀਪ ਕੌਰ ਉਮਰ 80 ਸਾਲ ਨੂੰ ਕਥਿਤ ਤੌਰ ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰ ਦੇ ਸੱਤਵੇ ਜੀਅ ਦਾਦੇ ਨੂੰ ਕਤਲ ਕਰਨ ਦੇ ਇਰਾਦੇ ਨਾਲ ਉਸ ਦੇ ਕਮਰੇ ਵਿੱਚ ਜਾ ਕੇ ਗੋਲੀ ਮਾਰ ਦਿੱਤੀ ਜੋ ਕਿ ਜ਼ਖਮੀ ਹੋ ਗਿਆ ਪਰ ਕਿਸਮਤ ਨੇ ਉਸ ਨੂੰ ਬਚਾ ਲਿਆ ਜਿਸ ਨੂੰ ਬਾਅਦ ਵਿਚ ਲੋਕਾਂ ਨੇ ਹਸਪਤਾਲ ਪਹੁੰਚਾਇਆ। ਇਹ ਘਟਨਾ ਬੀਤੀ ਅੱਧੀ ਰਾਤ ਵਾਪਰੀ। ਨੌਜਵਾਨ ਨੇ ਪਰਿਵਾਰ ਦੇ ਪੰਜ ਜੀਆਂ ਨੂੰ ਕਤਲ ਕਰ ਕੇ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਨੌਜਵਾਨ ਸੰਦੀਪ ਸਿੰਘ ਉਰਫ ਸੰਨੀ ਨੇ ਬੀਤੇ ਕੱਲ ਆਪਣੇ ਪਿਤਾ ਦੇ ਨਾਨਕਿਆਂ ਦਾ ਪਿੰਡ ਅਰਾਈਆਂ (ਫਰੀਦਕੋਟ) ਤੋਂ ਆਪਣੇ ਰਿਸਤੇਦਾਰ ਦਾ ਰਿਵਾਲਵਰ ਚੋਰੀ ਕੀਤਾ। ਇਸ ਮੌਕੇ ਤੇ ਉਸ ਦਾ ਦਾਦਾ ਗੁਰਚਰਨ ਸਿੰਘ ਵੀ ਨਾਲ ਸੀ ਪਰ ਉਸ ਨੂੰ ਇਸ ਦਾ ਕੁਝ ਵੀ ਪਤਾ ਨਹੀ ਸੀ। ਉਸ ਤੋਂ ਬਾਅਦ ਦੋਨੋਂ ਦਾਦਾ -ਪੋਤਾ ਮਿ੍ਰਤਿਕ ਨੌਜਵਾਨ ਦੀ ਭੈਣ ਜੋ ਕਿ ਸ਼ਹਿਜਾਦੀ (ਫਿਰੋਜਪੁਰ) ਵਿਆਹੀ ਹੋਈ ਸੀ ਉਸ ਕੋਲ ਚਲੇ ਗਏ। ਉੱਥੋਂ ਮਿ੍ਰਤਿਕ ਨੌਜਵਾਨ ਆਪਣੀ ਭੈਣ ਅਮਨਜੋਤ ਕੌਰ ਪਤਨੀ ਦਿਲਬਾਗ ਸਿੰਘ ਅਤੇ ਭਾਣਜੀ ਅਮਨੀਤ ਕੌਰ ਨੂੰ ਨਾਲ ਲੈ ਕੇ ਆਪਣੇ ਜੱਦੀ ਪਿੰਡ ਨੱਥੂਵਾਲਾ ਗਰਬੀ ਪਹੁੰਚ ਗਿਆ।ਉਕਤ ਨੌਜਵਾਨ ਨੇ ਪਰਿਵਾਰ ਨਾਲ ਹੀ ਬੈਠ ਕੇ ਹੱਸਦੇ ਹੋਏ ਰਾਤ ਦਾ ਖਾਣਾ ਖਾਧਾ ਅਤੇ ਕਿਸੇ ਨੂੰ ਵੀ ਕੋਈ ਸ਼ੱਕ ਨਾ ਹੋਣ ਦਿੱਤੀ। ਬੀਤੀ ਅੱਧੀ ਰਾਤ ਮਿ੍ਰਤਿਕ ਨੌਜਵਾਨ ਨੇ ਚੁੱਪ ਚੁਪੀਤੇ
ਰਿਵਾਲਵਰ ਨਾਲ ਪਹਿਲਾ ਆਪਣੇ ਪਿਤਾ ਮਨਜੀਤ ਸਿੰਘ ਅਤੇ ਬਾਕੀ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਫਿਰ ਬਾਹਰਲੀ ਬੈਠਕ ਦੇ ਵਿੱਚ ਪਏ ਆਪਣੇ ਦਾਦੇ ਗੁਰਚਰਨ ਸਿੰਘ ਨੂੰ ਗੋਲੀ ਮਾਰ ਦਿੱਤੀ ਪਰ ਉਹ ਬਚ ਗਿਆ ਉਸ ਨੂੰ ਮਰਿਆ ਸਮਝ ਕੇ ਚੁਬਾਰੇ ਵਿੱਚ ਜਾ ਕੇ ਕਥਿਤ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਮੌਤ ਦੇ ਮੂੰਹ ਵਿੱਚੋਂ ਬਚੇ ਮਿ੍ਰਤਿਕ ਦੇ ਦਾਦੇ ਨੇ ਆਪਣੇ ਗੁਆਢੀਆਂ ਨੂੰ ਦੱਸਿਆਂ ਜਿੰਨਾ੍ਹ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਸਾਰੀ ਵਾਰਦਾਤ ਕਰਨ ਤੋਂ ਪਹਿਲਾਂ ਨੌਜਵਾਨ ਨੇ ਖੁਦਕਸ਼ੀ ਨੋਟ ਵੀ ਲਿਖਿਆ ਜੋ ਕਿ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ।ਖਬਰ ਲਿਖੇ ਜਾਣ ਤੱਕ ਪੁਲਿਸ ਦੇ ਉੱਚ ਅਧਿਕਾਰੀਆਂ ਐਸ. ਪੀ. ਐਚ. ਪੀ. ਐਸ. ਪਰਮਾਰ , ਡੀ.ਐਸ.ਪੀ.ਜਸਪਾਲ ਸਿੰਧ ਧਾਮੀ ਚੌਕੀ ਇੰਚਾਰਜ਼ ਏ.ਐਸ.ਆਈ. ਪਹਾੜਾ ਸਿੰਘ ਨੇ ਮੌਕੇ ਤੇ ਪਹੁੰਚ ਕੇ ਲਾਸ਼ਾ ਨੂੰ ਆਪਣੇ ਕਬਜ਼ੇ ਵਿੱਚ ਕੀਤਾ ਅਤੇ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਨੌਜਵਾਨ ਦੀ ਕੁਝ ਸਮਾਂ ਪਹਿਲਾਂ ਹੀ ਮੰਗਣੀ ਹੋਈ ਸੀ ਜਿਸ ਤੋਂ ਉਹ ਖੁਸ਼ ਨਹੀ ਸੀ । ਜਿਕਰਯੋਗ ਹੈ ਕਿ ਉਕਤ ਪਰਿਵਾਰ ਚੰਗੇ ਖਾਨਦਾਨ ਨਾਲ ਸੰਬੰਧਿਤ ਸੀ । ਇੰਨਾ੍ਹ ਕੋਲ 22 ਏਕੜ ਦੇ ਕਰੀਬ ਜਮੀਨ ਅਤੇ ਵਧੀਆਂ ਕੋਠੀ ਪਾਈ ਹੋਈ ਹੈ । ਉਸ ਦਾ ਪਿੰਡ ਵਿੱਚ ਵੀ ਚੰਗਾ ਮਾਣ ਸਤਿਕਾਰ ਹੈ ਇਸ ਵਾਪਰੀ ਹੋਈ ਵੱਡੀ ਘਟਨਾ ਨਾਲ ਇਲਾਕੇ ਵਿੱਚ ਬਹੁਤ ਸਹਿਮ ਦਾ ਮਹੌਲ ਹੈ ।