ਨਾਜਾਇਜ਼ ਕੱਟੀਆਂ ਪੈਨਸ਼ਨਾਂ ਬਹਾਲ ਕਰਵਾਉਣ ਅਤੇ ਕਰਜ਼ਾ ਮਾਫੀ ਲਈ ਜ਼ਬਰਦਸਤ ਰੋਸ ਪ੍ਰਦਰਸ਼ਨ

0
221

ਬਠਿੰਡਾ ਰਾਜ ਕੁਮਾਰ
ਦਿਹਾਤੀ ਮਜ਼ਦੂਰ ਸਭਾ ਅਤੇ ਮਜ਼ਦੂਰ ਏਕਤਾ ਸੰਘਰਸ਼ ਯੂਨੀਅਨ ਦੀਆਂ ਬਠਿੰਡਾ ਜਿਲਾ ਕਮੇਟੀਆਂ ਦੇ ਸੱਦੇ ‘ਤੇ ਇਕੱਤਰ ਹੋਈਆਂ ਭਾਰੀ ਗਿਣਤੀ ਔਰਤਾਂ ਅਤੇ ਬੇਜਮੀਨੇ ਮਜਦੂਰਾਂ ਨੇ ਅੱਜ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਜਬਰਦਸਤ ਰੋਸ ਧਰਨਾ ਮਾਰਿਆ ਗਿਆ ਅਤੇ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਸਾਥੀ ਪ੍ਕਾਸ਼ ਸਿੰਘ ਨੰਦਗੜ ਅਤੇ ਬੀਬੀ ਦਰਸ਼ਨਾ ਕੌਰ ਦੀ ਅਗਵਾਈ ਵਿਚ ਹੋਏ ਉਕਤ ਰੋਸ ਐਕਸ਼ਨ ਵਿੱਚ ਸ਼ਾਮਲ ਕਿਰਤੀਆਂ ਵੱਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੀ ਗਰੀਬ ਦੋਖੀ ਨੀਤੀ ਤਹਿਤ ਯੋਗ ਲਾਭ ਪਾਤਰੀਆਂ ਦੀਆਂ ਕੱਟੀਆਂ ਗਈਆਂ ਬੁਢਾਪਾ-ਵਿਧਵਾ- ਅੰਗਹੀਣ-ਆਸ਼ਰਿਤ ਪੈਨਸ਼ਨਾਂ ਫੌਰੀ ਬਹਾਲ ਕੀਤੀਆਂ ਜਾਣ ਅਤੇ ਤਰਕ ਰਹਿਤ ਪੈਨਸ਼ਨ ਕਟੌਤੀ ਬੰਦ ਕੀਤੀ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਪੈਨਸ਼ਨਾਂ ਦੀ ਰਕਮ ਘੱਟੋ ਘੱਟ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ ਅਤੇ ਇਹ ਬਿਨਾਂ ਨਾਗਾ ਦਿੱਤੀਆਂ ਜਾਣ। ਪ੍ਰਦਰਸ਼ਨਕਾਰੀਆਂ ਵੱਲੋਂ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਭੇਜੇ ਗਏ ਜਿਹਨਾਂ ਰਾਹੀਂ ਮੰਗ ਕੀਤੀ ਗਈ ਕਿ ਬੇਜਮੀਨੇ ਸਾਧਨਹੀਣ ਪੇਂਡੂ ਤੇ ਸ਼ਹਿਰੀ ਮਜਦੂਰਾਂ ਦੇ ਸਮੁੱਚੇ ਕਰਜੇ ਮਾਫ ਕੀਤੇ ਜਾਣ, ਇਨਾਂ ਗਰੀਬ ਟੱਬਰਾਂ ਨੂੰ ਬਿਜਲੀ ਮੁਕੰਮਲ ਮੁਫਤ ਦਿੱਤੀ ਜਾਵੇ ਅਤੇ ਪਿਛਲੇ ਬਕਾਇਆਂ ਤੇ ਲੀਕ ਮਾਰੀ ਜਾਵੇ, ਮਨਰੇਗਾ ਮਜਦੂਰਾਂ ਨੂੰ ਸਾਰੇ ਪਰਿਵਾਰ ਨੂੰ ਸਾਰਾ ਸਾਲ ਸੱਤ ਸੌ ਰੁਪਏ ਪ੍ਰਤੀ ਦਿਨ ਦੀ ਉਜਰਤ ਸਮੇਤ ਕੰਮ ਦਿੱਤਾ ਅਤੇ ਬਾਕੀ ਸਾਰਿਆਂ ਨੂੰ ਵੀ ਪੱਕੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ । ਇਕੱਤਰ ਲੋਕਾਂ ਵੱਲੋਂ 25 ਸਤੰਬਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਿਮਾਇਤ ਕਰਨ ਦਾ ਮਤਾ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਸੂਬਾ ਵਿੱਤ ਸਕੱਤਰ ਸਾਥੀ ਮਹੀਪਾਲ ਨੇ ਐਲਾਨ ਕੀਤਾ ਕਿ ਜੇ ਉਕਤ ਮੰਗਾਂ ਪ੍ਰਤੀ ਸਰਕਾਰ ਨੇ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਿਆ ਤਾਂ ਆਉਂਦੇ ਸਮੇਂ ਵਿੱਚ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਗੁਰਮੀਤ ਸਿੰਘ ਜੈ ਸਿੰਘ ਵਾਲਾ, ਕਾਲਾ ਸਿੰਘ ਜੈ ਸਿੰਘ ਵਾਲਾ ਅਤੇ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਵੀ ਵਿਚਾਰ ਰੱਖੇ।