ਨਵਜੋਤ ਸਿੰਘ ਸਿੱਧੂ ਬਣੇ ਕੈਪਟਨ ਤਾਂ ਅਮਰਿੰਦਰ ਸਿੰਘ ਜਾਣਗੇ ਭਾਜਪਾ ’ਚ ?

0
696

ਨਵੀਂ ਦਿੱਲੀ – ਆਵਾਜ਼ ਬਿੳੂਰੋ
ਕੈਪਟਨ ਹਮੇਸ਼ਾ ਕੈਪਟਨ ਹੀ ਹੁੰਦਾ ਹੈ ਪਰ ਜੇ ਕੈਪਟਨ ਨੂੰ ਕੈਪਟਨ ਮੰਨਣ ਤੋਂ ਇਨਕਾਰ ਕਰਨ ਵਾਲੇ ਨੂੰ ਕੈਪਟਨ ਦੇ ਬਰਾਬਰ ਕੈਪਟਨ ਬਣਾ ਕੇ ਖੜ੍ਹਾ ਕਰ ਦਿੱਤਾ ਜਾਵੇ ਤਾਂ ਪਹਿਲੇ ਕੈਪਟਨ ਦੀ ਕੀ ਸਥਿਤੀ ਹੋਵੇਗੀ, ਉਸ ਬਾਰੇ ਭਲੀ-ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਜਾਬ ਦੇ ਮੌਜੂਦਾ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਕੁਝ ਅਜਿਹਾ ਹੀ ਵਾਪਰ ਰਿਹਾ ਹੈ। ਦਿੱਲੀ ਦੀ ਕਾਂਗਰਸ ਲੀਡਰਸ਼ਿਪ ਵੱਲੋਂ ਪੰਜਾਬ ਦੇ ਕਾਂਗਰਸੀਆਂ ਨੂੰ ਆਪਣੀਆਂ ਉਗਲਾਂ ਉੱਪਰ ਨਚਾਉਣ ਦੀ ਦਹਾਕਿਆਂ ਪੁਰਾਣੀ ਨੀਤੀ ਇੱਕ ਵਾਰ ਫਿਰ ਨਵੇਂ ਰੰਗ ਦਿਖਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰੀ ਨਵਜੋਤ ਸਿੰਘ ਸਿੱਧੂ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਘਰ ਬੈਠ ਗਏ ਹਨ। ਦਿੱਲੀ ਤੋਂ ਖਬਰਾਂ ਹਨ ਕਿ ਉਨ੍ਹਾਂ ਨੂੰ ਪੰਜਾਬ ਕਾਂਗਰਸ ਜਾਂ ਕੇਂਦਰੀ ਕਾਂਗਰਸ ਵਿੱਚ ਵੱਡੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਦੀ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਦੇ ਬਹੁਤ ਨੇੜੇ ਹਨ। ਉਨ੍ਹਾਂ ਦੀ ਕਾਂਗਰਸ ਵਿੱਚ ਸ਼ਮੂਲੀਅਤ ਕੈਪਟਨ
ਅਮਰਿੰਦਰ ਸਿੰਘ ਦੇ ਜ਼ੋਰਦਾਰ ਵਿਰੋਧ ਦੌਰਾਨ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੋਈ ਸੀ। ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਨੂੰ ਕਦੇ ਵੀ ਦਿਲੋਂ ਸਵੀਕਾਰ ਨਹੀਂ ਕੀਤਾ। ਇਸੇ ਲਈ ਸਿੱਧੂ ਨੇ ਉਸ ਨੂੰ ਆਪਣਾ ਕਦੇ ਕੈਪਟਨ ਨਹੀਂ ਮੰਨਿਆ। ਹੋਈਆਂ ਲੋਕ ਸਭਾ ਚੋਣਾਂ ਵਿੱਚ ਵੀ ਸਿੱਧੂ ਅਤੇ ਕੈਪਟਨ ਵਿਚਾਲੇ ਤਣਾਅ ਸਿਖਰਾਂ ’ਤੇੇ ਪੁੱਜਾ। ਇਸ ਦੇ ਨਤੀਜੇ ਵਜੋਂ ਕੈਪਟਨ ਵੱਲੋਂ ਸਿੱਧੂ ਦਾ ਵਿਭਾਗ ਬਦਲਿਆ ਗਿਆ ਅਤੇ ਨਵਾਂ ਵਿਭਾਗ ਸਵੀਕਾਰ ਕਰਨ ਤੋਂ ਇਨਕਾਰੀ ਸਿੱਧੂ ਨੇ ਪੰਜਾਬ ਕੈਬਨਿਟ ਤੋਂ ਹੀ ਅਸਤੀਫਾ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੂੰ ਰਾਹੁਲ ਗਾਂਧੀ ਦੀ ਲੀਡਰਸ਼ਿਪ ਵਿੱਚ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਰਾਹੁਲ ਗਾਂਧੀ ਨੂੰ ਕਦੀ ਨਿਆਣਾ ਕਹਿਣ ਵਾਲੇ ਕੈਪਟਨ ਸਮੇਂ ਦੀ ਮਜ਼ਬੂਰੀ ਵਿੱਚ ਉਸ ਨੂੰ ਆਪਣਾ ਹੋਣਹਾਰ ਬੌਸ ਵੀ ਕਹਿੰਦੇ ਰਹੇ। ਰਾਹੁਲ ਗਾਂਧੀ ਨੇ ਇਕ ਸਮੇਂ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੱਡਾ ਸਬਕ ਸਿਖਾਇਆ ਸੀ। ਅੱਜ ਸਥਿਤੀ ਫਿਰ ਉਥੇ ਹੀ ਖੜ੍ਹੀ ਹੈ। ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਤੌਰ ’ਤੇ ਵੱਡਾ ਅਹੁਦਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਕਤੀ ਘੱਟ ਕੀਤੇ ਜਾਣ ਦੀ ਤਿਆਰੀ ਹੈ। ਕੈਪਟਨ ਅਮਰਿੰਦਰ ਸਿੰਘ ਵੀ ਇਸ ਤੋਂ ਅਣਜਾਣ ਨਹੀਂ ਹਨ। ਖਬਰਾਂ ਹਨ ਕਿ ਕਾਂਗਰਸ ਹਾਈਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਤੌਰ ’ਤੇ ਵੱਡੀਆਂ ਸ਼ਕਤੀਆਂ ਦਿੱਤੀਆਂ ਤਾਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋ ਸਕਦੇ ਹਨ। ਖਬਰਾਂ ਤਾਂ ਇਹ ਵੀ ਹਨ ਕਿ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦੇ ਰਹੀ ਭਾਜਪਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਕੈਪਟਨ ਮੁਕਤ ਕਾਂਗਰਸ ਦੀ ਸਥਿਤੀ ਵੀ ਲਿਆ ਸਕਦੀ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਇਸ ਸਬੰਧੀ ਵਿਸਥਾਰਤ ਗੱਲਬਾਤ ਵੀ ਹੋਈ ਹੈ।