ਨਨਕਾਣਾ ਸਾਹਿਬ ਯਾਤਰਾ ਕਮੇਟੀ ਦੀ ‘ਪੰਜ ਤਖ਼ਤਾਂ ਅਤੇ ਹੋਰ ਗੁਰਧਾਮਾਂ’ ਦੀ ਸਾਲਾਨਾ ਯਾਤਰਾ ਸਿੰਘ ਸਾਹਿਬ ਵੱਲੋਂ ਰਵਾਨਾ

0
512

ਸ਼ਰਧਾ-ਭਾਵਨਾ ਨਾਲ ਨਾਮ ਜਪਦਿਆਂ ਯਾਤਰਾ ਕਰਨ ਸੰਗਤਾਂ : ਸਿੰਘ ਸਾਹਿਬ
ਜਲੰਧਰ – ਆਵਾਜ਼ ਬਿੳੂਰੋ
ਨਨਕਾਣਾ ਸਾਹਿਬ ਯਾਤਰਾ ਕਮੇਟੀ, ਯੂਕੇ ਵੱਲੋਂ ਇੰਟਰਨੈਸਨਲ ਪੰਥਕ ਦਲ ਦੇ ਸਹਿਯੋਗ ਨਾਲ ਸਾਲਾਨਾ ਯਾਤਰਾ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਨੌਵੀਂ ਪਾਤਸਾਹੀ ਦੂਖ ਨਿਵਾਰਣ ਸਾਹਿਬ, ਜਲੰਧਰ ਤੋਂ ਕੀਤੀ ਗਈ। ਪੰਜਾਬ ਦੀ ਸੰਗਤ ਦੇ ਨਾਲ-ਨਾਲ ਇੰਗਲੈਂਡ, ਕੈਨੇਡਾ ਅਤੇ ਹੋਰਨਾਂ ਦੇਸ਼ਾਂ ਤੋਂ ਯਾਤਰਾ ਵਿਚ ਸ਼ਾਮਲ ਹੋਣ ਲਈ ਪੁੱਜੇ ਸਿੱਖ ਸ਼ਰਧਾਲੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਯਾਤਰਾ ਦੀ ਆਰੰਭਤਾ ਲਈ ਅਰਦਾਸ ਕੀਤੀ।ਯਾਤਰਾ ਕਮੇਟੀ ਦੇ ਪ੍ਰਮੁੱਖ ਮੈਂਬਰ ਭਾਈ ਰਘਬੀਰ ਸਿੰਘ ਮਾਲੜੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਰੋਡੇ ਨੇ ਇਸ ਮੌਕੇ ਹਾਜ਼ਰ ਹੋ ਕੇ ਅਰਦਾਸ ਉਪਰੰਤ ਸੰਗਤਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦੇ ਕੇ ਯਾਤਰਾ ਨੂੰ ਰਵਾਨਾ ਕੀਤਾ। ਉਨ੍ਹਾਂ ਸੰਗਤਾਂ ਨੂੰ ਯਾਤਰਾ ਦੌਰਾਨ ਨਾਮ ਸਿਮਰਨ ਕਰਦਿਆਂ, ਸਮੇਂ ਅਤੇ ਅਨੁਸ਼ਾਸ਼ਨ ਦਾ ਧਿਆਨ ਰੱਖਣ ਅਤੇ ਇਕ ਦੂਜੇ ਦੇ ਸਹਿਯੋਗੀ ਬਣ ਕੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਪ੍ਰੇਰਨਾ ਕੀਤੀ। ਲਗਜ਼ਰੀ ਏਸੀ ਬੱਸ ਰਾਹੀਂ 50 ਦੇ ਲਗਪਗ ਸ਼ਰਧਾਲੂ ਇਸ ਯਾਤਰਾ ਲਈ ਰਵਾਨਾ ਹੋਏ।ਜ਼ਿਕਰਯੋਗ ਹੈ ਕਿ ਇਸ ਯਾਤਰਾ ਦੌਰਾਨ ਸਿੱਖ ਪੰਥ ਦੇ ਪੰਜਾਂ ਤਖ਼ਤਾਂ-ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਰਤਸਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਤਖ਼ਤ ਸੱਚਖੰਡ ਨੰਦੇੜ ਸ੍ਰੀ ਹਜ਼ੂਰ ਸਾਹਿਬ ਤੋਂ ਇਲਾਵਾ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਇਨ੍ਹਾਂ ਅਸਥਾਨਾਂ ਦੀ ਇਤਿਹਾਸਕ ਮਹੱਤਤਾ ਦੀ ਪੂਰੀ-ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ। ਭਾਈ ਮਾਲੜੀ ਨੇ ਦੱਸਿਆ ਕਿ ਪ੍ਰਸਿੱਧ ਸਿੱਖ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਖ਼ਾਲਸਾ ਪਿਛਲੇ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਪੂਰੀ ਯਾਤਰਾ ਦੌਰਾਨ ਗੁਰਦੁਆਰੇ-ਗੁਰਧਾਮਾਂ ਦੇ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਸੰਗਤਾਂ ਦੇ ਨਾਲ ਰਹਿਣਗੇ ਅਤੇ ਸਫਰ ਦੇ ਦੌਰਾਨ ਗੁਰਬਾਣੀ, ਗੁਰਮਤਿ ਵਿਚਾਰਾਂ ਅਤੇ ਇਤਿਹਾਸ ਦੀ ਕਥਾ ਵੀ ਵੱਖ-ਵੱਖ ਗੁਰਦੁਆਰਿਆਂ ਦੀਆਂ ਸਟੇਜਾਂ ਤੋਂ ਸੰਗਤਾਂ ਨੂੰ ਸ੍ਰਵਣ ਕਰਵਾਉਣਗੇ। ਇਸ ਮੌਕੇ ਬਾਬਾ ਸਵਰਨਜੀਤ ਸਿੰਘ ਮੁਖੀ ਮਿਸਲ ਸਹੀਦਾਂ ਤਰਨਾ ਦਲ ਦੋਆਬਾ, ਇੰਟਰਨੈਸਨਲ ਪੰਥਕ ਦਲ ਦੀ ਕਪੂਰਥਲਾ ਇਕਾਈ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਮੰਡ, ਦਲਜੀਤ ਸਿੰਘ ਗਾਖਲ ਅਤੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ, ਜਲੰਧਰ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਗਾਬਾ ਸੰਗਤਾਂ ਨੂੰ ਵਿਦਾਇਗੀ ਦੇਣ ਮੌਕੇ ਉਚੇਚੇ ਤੌਰ ਤੇ ਸਾਮਿਲ ਹੋਏ। ਇਸ ਯਾਤਰੂ ਜੱਥੇ ਵੱਲੋਂ ਲਗਾਤਾਰ ਵੱਖ-ਵੱਖ ਗੁਰ-ਅਸਥਾਨਾਂ ਅਤੇ ਪੰਜਾਂ ਤਖਤਾਂ ਉਪਰ ਦਰਸ਼ਨ ਕਰਨ ਉਪਰੰਤ 13 ਮਾਰਚ 2020 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਯਾਤਰਾ ਦੀ ਸਮਾਪਤੀ ਦੀ ਅਰਦਾਸ ਹੋਵੇਗੀ। ਹੋਰਨਾਂ ਸੰਗਤਾਂ ਦੇ ਨਾਲ-ਨਾਲ ਯਾਤਰਾ ਵਿਚ ਇੰਟਰਨੈਸਨਲ ਪੰਥਕ ਦਲ ਯੂ.ਕੇ ਦੇ ਪੈਨਲ ਮੈਂਬਰ ਭਾਈ ਅਮਰੀਕ ਸਿੰਘ ਤੂਰ, ਬੀਬੀ ਨਿਰੰਜਨ ਕੌਰ ਯੂ.ਕੇ, ਬੀਬੀ ਪਰਮਜੀਤ ਕੌਰ, ਬੀਬੀ ਇਕਬਾਲ ਕੌਰ, ਬੀਬੀ ਨਰਿੰਦਰ ਕੌਰ, ਭਾਈ ਸੰਿਗਾਰਾ ਸਿੰਘ ਗ੍ਰੇਵਜੈਂਡ, ਭਾਈ ਜਸਵੀਰ ਸਿੰਘ ਢਿੱਲੋਂ ਡਰਬੀ, ਬੀਬੀ ਹਰਜੀਤ ਕੌਰ ਵਿਰਕ, ਭਾਈ ਗਿਆਨ ਸਿੰਘ ਪੰਨੂ, ਡਰਾਈਵਰ ਕਾਲਾ ਸਿੰਘ, ਧਿਆਨ ਸਿੰਘ, ਡਾਕਟਰ ਦਲਬੀਰ ਸਿੰਘ ਆਦਿ ਸ਼ਾਮਿਲ ਹੋਏ। ਆਵਾਜ-ਿਕੌਮ ਦੀ ਟੀਮ ਨੇ ਇਸ ਮੌਕੇ ਸਿੱਧੇ ਪ੍ਰਸਾਰਣ ਦੀ ਸੇਵਾ ਨਿਭਾਈ।