ਦੇਸ਼ ਭਰ ‘ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਇਕ ਦਿਨ ‘ਚ ਆਏ 50 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ , 251 ਮੌਤਾਂ

0
203

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਕੋਵਿਡ-19 ਦੇ ਮਾਮਲਿਆਂ ‘ਚ ਵਾਧੇ ਨੂੰ ਦੇਖਦਿਆਂ ਬਹੁਤ ਸਾਰੇ ਸੂਬਿਆਂ ਨੇ ਆਪਣੇ ਸੂਬੇ ਵਿੱਚ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਹਨ।

ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 53,476 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ251 ਲੋਕਾਂ ਦੀ ਮੌਤ ਹੋਈ ਹੈ। ਇਸ ਦੌਰਾਨ 26,490 ਵਿਅਕਤੀ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਯਾਨੀ ਕਿ ਕੱਲ੍ਹ 47,262 ਨਵੇਂ ਕੇਸ ਸਾਹਮਣੇ ਆਏ ਸਨ। ਨਵੇਂ ਦਰਜ ਕੀਤੇ ਗਏ ਕੇਸਾਂ ਦੀ ਗਿਣਤੀ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ।

ਜਾਣਕਾਰੀ ਅਨੁਸਾਰ ਦੇਸ਼ ‘ਚ ਕੁੱਲ ਪੀੜਤਾਂ ਦੀ ਗਿਣਤੀ 1,17,87,534 ਹੋ ਗਈ ਹੈ। ਹੁਣ ਤੱਕ 1,12,31,650 ਮਰੀਜ਼ ਠੀਕ ਹੋ ਗਏ ਹਨ। ਇਸ ਦੌਰਾਨ ਸਰਗਰਮ ਕੇਸ 3,95,192 ਹੋ ਗਏ ਹਨ। ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 1,60,692 ਹੋ ਗਈ ਹੈ। ਇਸ ਦਰਮਿਆਨ ਦੇਸ਼ ਵਿਚ 5,31,45,709 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸ ਦੌਰਾਨ 23,03,305 ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਗਿਆ।

ਦੱਸ ਦੇਈਏ ਕਿ ਮਹਾਰਾਸ਼ਟਰ ਕੋਰੋਨਾ ਦੇ ਸਰਗਰਮ ਕੇਸਾਂ ਵਿਚ ਪਹਿਲੇ ਨੰਬਰ ‘ਤੇ ਹੈ ਅਤੇ ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਕੇਸ 16,662 ਦੀ ਰਫ਼ਤਾਰ ਨਾਲ ਵੱਧਣ ਕਰ ਕੇ ਇਨ੍ਹਾਂ ਦੀ ਗਿਣਤੀ ਵੱਧ ਕੇ 2,48,604 ਹੋ ਗਈ ਹੈ। ਸੂਬੇ ਵਿਚ 15,098 ਮਰੀਜ਼ ਸਿਹਤਮੰਦ ਹੋਏ, ਜਿਸ ਨੂੰ ਮਿਲਾ ਕੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 22,62,593 ਪਹੁੰਚ ਗਈ ਹੈ। 95 ਹੋਰ ਮਰੀਜ਼ਾਂ ਦੀ ਮੌਤ ਨਾਲ ਮਿ੍ਰਤਕਾਂ ਦਾ ਅੰਕੜਾ ਵੱਧ ਕੇ 53,684 ਹੋ ਗਿਆ ਹੈ।