ਦੇਸ਼ ਨੂੰ ਅਗਵਾਈ ਦੇਣ ਵਿੱਚ ਲੋਕ ਸਭਾ ਅਤੇ ਰਾਜ ਸਭਾ ਦਾ ਬਰਾਬਰ ਯੋਗਦਾਨ : ਮੋਦੀ

0
170

ਨਵੀਂ ਦਿੱਲੀ – ਆਵਾਜ ਬਿੳੂਰੋ
ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਅੱਜ ਸ਼ੁਰੂਆਤ ਦੌਰਾਨ ਜਿੱਥੇ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਮੈਂਬਰਾਂ ਨੂੰ ਉਸਾਰੂ ਅਲੋਚਨਾ ਕਰਕੇ ਦੇਸ਼ ਹਿੱਤ ਵਾਲੇ ਬਿੱਲਾਂ ਨੂੰ ਪਾਸ ਕਰਵਾਉਣ ਲਈ ਸਹਿਯੋਗ ਦਾ ਸੱਦਾ ਦਿੱਤਾ, ਉੱਥੇ ਹੀ ਲੋਕ ਸਭਾ ਵਿੱਚ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਦੇਸ਼ ਵਿੱਚ ਛਾਏ ਆਰਥਿਕ ਮੰਦੇ, ਜੰਮੂ ਕਸ਼ਮੀਰ ਵਿੱਚ ਲਾਗੂ ਕੀਤੀ ਗਈ ਸਰਕਾਰੀ ਤਾਨਾਸ਼ਾਹੀ, ਸੰਸਦ ਮੈਂਬਰ ਫਾਰੁਖ ਅਬਦੁਲਾ ਅਤੇ ਪੀ ਚਿਦੰਬਰਮ ਦੀ ਹਿਰਾਸਤ ਨੂੰ ਲੈ ਕੇ ਸ਼ੋਰ ਸ਼ਰਾਬਾ ਕੀਤਾ। ਇਸ ਦੌਰਾਨ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਹੰਸਰਾਜ ਹੰਸ, ਪੰਜਾਬ ਤੋਂ ਆਪ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਵੱਖ-ਵੱਖ ਸੰਸਦ ਮੈਂਬਰਾਂ ਨੇ ਪ੍ਰਦੂਸ਼ਣ, ਮਹਿੰਗਾਈ ਅਤੇ ਸਰਕਾਰ ਦੀ ਸਿਆਸੀ ਬਦਲੇਖੋਰੀ ਵਾਲੀਆਂ ਨੀਤੀਆਂ ਦਾ ਵਿਰੋਧ ਵੀ ਕੀਤਾ। ਰਾਜ ਸਭਾ ਵਿੱਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰਾਜ ਸਭਾ ਦਾ ਇਹ 250ਵਾਂ ਸੈਸ਼ਨ ਇਤਿਹਾਸਕ ਹੈ। ਮੋਦੀ ਨੇ ਕਿਹਾ ਕਿ ਇਸ 250ਵੇਂ ਰਾਜ ਸਭਾ ਸੈਸ਼ਨ ਵਿੱਚ ਸ਼ਾਮਲ ਹੋਣਾ ਸਾਡੇ ਸਾਰਿਆਂ ਲਈ ਮਾਣ ਵਾਲੀ ਇਤਿਹਾਸਕ ਗੱਲ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸੰਸਦ ਮੈਂਬਰਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਵੈਲ ਵਿੱਚ ਆ ਕੇ ਸ਼ੋਰ ਸ਼ਰਾਬਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਖੇਤਰ ਵਿੱਚ ਸਾਨੂੰ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਬੀਜੂ ਜਨਤਾ ਦਲ ਦੇ ਸੰਸਦ ਮੈਂਬਰਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਬੀਜੂ ਜਨਤਾ ਦਲ ਨੇ ਇਹ ਪੱਕਾ ਨਿਯਮ ਬਣਾਇਆ ਹੋਇਆ ਹੈ ਕਿ ਉਨ੍ਹਾਂ ਦੇ ਸੰਸਦ ਮੈਂਬਰ ਕਦੇ ਵੀ ਵੈਲ ਵਿੱਚ ਜਾ ਕੇ ਸ਼ੋਰ ਸ਼ਰਾਬਾ ਨਹੀਂ ਕਰਨਗੇ ਅਤੇ ਇਨ੍ਹਾਂ ਦੇ ਸੰਸਦ ਮੈਂਬਰ ਇਸ ਨਿਯਮ ਨੂੰ ਪੂਰੀ ਦਿਆਨਤਦਾਰੀ ਨਾਲ ਨਿਭਾ ਰਹੇ ਹਨ। ਮੋਦੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਤੋਂ ਸਾਡੇ ਸੰਸਦ ਮੈਂਬਰਾਂ ਨੂੰ ਵੀ ਸਬਕ ਸਿਖਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਜਦੋਂ ਭਾਜਪਾ ਵਿਰੋਧੀ ਧਿਰ ਵਿੱਚ ਸੀ ਤਾਂ ਇਸ ਦੇ ਸੰਸਦ ਮੈਂਬਰ ਵੀ ਵੈਲ ਵਿੱਚ ਜਾ ਕੇ ਸ਼ੋਰ ਸ਼ਰਾਬਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਇਹ ਆਪਣੀ ਗਲਤੀ ਸੁਧਾਰ ਲੈਣੀ ਚਾਹੀਦੀ ਹੈ।

ਮੋਦੀ ਜਦੋਂ ਰਾਜ ਸਭਾ ਵਿੱਚ ਇਹ ਸ਼ਬਦ ਬੋਲ ਰਹੇ ਸਨ ਤਾਂ ਸਦਨ ਦੇ ਅੰਦਰ ਅਤੇ ਬਾਹਰ ਘੁਸਰ ਮੁਸਰ ਹੋ ਰਹੀ ਸੀ ਕਿ ਮੋਦੀ ਸ਼ਰਦ ਪਵਾਰ ਨੂੰ ਖੁਸ਼ ਕਰਕੇ ਉਸ ਨਾਲ ਗੱਠਜੋੜ ਬਣਾ ਕੇ ਮਹਾਂਰਾਸ਼ਟਰ ਸਰਕਾਰ ਬਣਾਉਣ ਲਈ ਮੈਦਾਨ ਤਿਆਰ ਕਰ ਰਹੇ ਹਨ।